ਨਿਊਯਾਰਕ: ਬਰਤਾਨੀਆ ਦੀ ਮਰਹੂਮ ਰਾਜਕੁਮਾਰੀ ਡਾਇਨਾ ਦੁਆਰਾ ਪਹਿਨੇ ਗਏ ਚਿੱਟੀਆਂ ਭੇਡਾਂ ਵਿੱਚੋਂ ਇੱਕ ਕਾਲੀ ਭੇਡ ਦੀ ਤਸਵੀਰ ਵਾਲਾ ਇੱਕ ਲਾਲ ਸਵੈਟਰ ਲੱਖਾਂ ਵਿੱਚ ਵਿਕ ਗਿਆ ਹੈ। ਖਬਰਾਂ ਮੁਤਾਬਕ ਰਾਜਕੁਮਾਰੀ ਡਾਇਨਾ ਦਾ ਇਹ ‘ਬਲੈਕ ਸ਼ੀਪ ਸਵੈਟਰ’ ਨਿਊਯਾਰਕ ਦੇ ਸੋਥਬੀਜ਼ ਵਿਚ ਹੋਈ ਨਿਲਾਮੀ ਵਿਚ 1.1 ਮਿਲੀਅਨ ਡਾਲਰ (9 ਕਰੋੜ ਰੁਪਏ ਤੋਂ ਜਿ਼ਆਦਾ) ਵਿਚ ਵਿਕਿਆ। ਤੁਹਾਨੂੰ ਦੱਸ ਦੇਈਏ ਕਿ ਸੋਧਬੀ ਨੇ ਇਸ ਸਵੈਟਰ ਦੀ ਕੀਮਤ ਇਸ ਤੋਂ ਕਾਫੀ ਘੱਟ ਹੋਣ ਦਾ ਅੰਦਾਜ਼ਾ ਲਗਾਇਆ ਸੀ। ਨਿਲਾਮੀ ਘਰ ਨੇ ਵੀਰਵਾਰ ਨੂੰ ਇੱਕ ਟਵੀਟ ਵਿੱਚ ਕਿਹਾ, “ਰਾਜਕੁਮਾਰੀ ਡਾਇਨਾ ਦਾ ਇਤਿਹਾਸਕ ਬਲੈਕ ਸ਼ੀਪ ਵਾਰਮ ਐਂਡ ਵੈਂਡਰਫੁੱਲ ਸਵੈਟਰ ਫੈਸ਼ਨ ਆਈਕਨ ਨਿਲਾਮੀ ਵਿਚ 1.1 ਮਿਲੀਅਨ ਡਾਲਰ ਵਿੱਚ ਵਿਕਿਆ।
ਸੋਥਬੀ ਅਨੁਸਾਰ, ਡਾਇਨਾ ਨੇ ਇਹ ਸਵੈਟਰ 1981 ਵਿੱਚ ਪ੍ਰਿੰਸ ਚਾਰਲਸ ਦੇ ਪੋਲੋ ਮੈਚ ਵਿੱਚ ਪਹਿਨਿਆ ਸੀ। ਬੋਲੀ 31 ਅਗਸਤ ਨੂੰ ਸ਼ੁਰੂ ਹੋਈ ਸੀ ਅਤੇ ਨਿਲਾਮੀ ਦੇ ਆਖਰੀ ਸਮੇਂ ਤੱਕ ਸਭ ਤੋਂ ਵੱਧ ਬੋਲੀ 2 ਲੱਖ ਡਾਲਰ ਤੋਂ ਘੱਟ ਸੀ। ਸੋਥਬੀ ਨੇ ਸਵੈਟਰ ਦੀ ਕੀਮਤ 50,000 ਡਾਲਰ ਅਤੇ 80,000 ਡਾਲਰ ਵਿਚਕਾਰ ਅਨੁਮਾਨਿਤ ਕੀਤੀ ਸੀ। ਸਵੈਟਰ ਦੇ ਖਰੀਦਦਾਰ ਦੀ ਪਹਿਚਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। ਖਬਰਾਂ ਮੁਤਾਬਕ ਰਾਜਕੁਮਾਰੀ ਡਾਇਨਾ ਦੀਆਂ ਹੋਰ ਵੀ ਕਈ ਚੀਜ਼ਾਂ ਨਿਲਾਮੀ ਵਿਚ ਰੱਖੀਆਂ ਗਈਆਂ ਸਨ ਪਰ ਸਿਰਫ ਇਹ ਸਵੈਟਰ ਹੀ ਸਭ ਤੋਂ ਮਹਿੰਗਾ ਵਿਕਿਆ। ਦੱਸ ਦੇਈਏ ਕਿ ਇਸ ਸਵੈਟਰ ਦੇ ਡਿਜ਼ਾਈਨ ਨੂੰ ਅਕਸਰ ਸ਼ਾਹੀ ਪਰਿਵਾਰ ਵਿੱਚ ਡਾਇਨਾ ਦੇ ਸਥਾਨ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਰਿਹਾ ਹੈ।