•ਪਰਿਵਾਰਕ ਸਪਾਂਸਰਡ ਗ੍ਰੀਨ ਕਾਰਡ ਦੀ ਉਡੀਕ ਵੱਧ ਕੇ 83 ਲੱਖ ਹੋ ਗਈ
ਵਾਸ਼ਿੰਗਟਨ, (ਰਾਜ ਗੋਗਨਾ)-ਅਮਰੀਕਾ ਦੇ ਗ੍ਰੀਨ ਕਾਰਡਾਂ ਲਈ ਬੈਕਲਾਗ ਕਾਰਨ 1.1 ਮਿਲੀਅਨ ਭਾਰਤੀਆਂ ਨੂੰ ਹੁਣ ਗ੍ਰੀਨ ਕਾਰਡ ਦਾ ਲੰਬਾ ਸਮਾਂ ਇੰਤਜ਼ਾਰ ਕਰਨਾ ਪਵੇਗਾ। ਵਾਸ਼ਿੰਗਟਨ ਡੀਸੀ ਸਥਿਤ ਕੈਟੋ ਇੰਸਟੀਚਿਊਟ ਦੇ ਇਕ ਅਧਿਐਨ ਦੇ ਮੁਤਾਬਕ 4.24 ਲੱਖ ਗ੍ਰੀਨ ਕਾਰਡ ਬਿਨੈਕਾਰ ਜੀਵਨ ਭਰ ਲਈ ਗ੍ਰੀਨ ਕਾਰਡ ਪ੍ਰਾਪਤ ਨਹੀਂ ਕਰ ਸਕਣਗੇ। ਕਿਉਂਕਿ ਜਦੋਂ ਉਨ੍ਹਾਂ ਦਾ ਨੰਬਰ ਆਵੇਗਾ ਤਾਂ ਉਹ ਜ਼ਿੰਦਾ ਨਹੀਂ ਹੋਣਗੇ। ਇਨ੍ਹਾਂ ਬਿਨੈਕਾਰਾਂ ਵਿੱਚੋਂ 90 ਫੀਸਦੀ ਭਾਰਤੀ ਲੋਕ ਹਨ। ਗ੍ਰੀਨ ਕਾਰਡ ਸੰਯੁਕਤ ਰਾਜ ਅਮਰੀਕਾ ਵਿੱਚ ਸਥਾਈ ਨਿਵਾਸ ਲਈ ਇੱਕ ਪਰਮਿਟ ਹੁੰਦਾ ਹੈ। ਗ੍ਰੀਨ ਕਾਰਡ ਧਾਰਕ ਅਮਰੀਕਾ ਵਿੱਚ ਸਦਾ ਲਈ ਰਹਿ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਰਿਪੋਰਟ ਮੁਤਾਬਕ ਇਸ ਸਾਲ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਅਰਜ਼ੀਆਂ ਦਾ ਬੈਕਲਾਗ 18 ਲੱਖ ਤੱਕ ਪਹੁੰਚ ਗਿਆ ਹੈ। ਇਹ ਉਹ ਬਿਨੈਕਾਰ ਹਨ ਜੋ ਵਰਤਮਾਨ ਵਿੱਚ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਨ। ਫੈਮਿਲੀ ਸਪਾਂਸਰਡ ਸਿਸਟਮ ਦੇ ਤਹਿਤ ਪੈਂਡਿੰਗ ਗ੍ਰੀਨ ਕਾਰਡ ਅਰਜ਼ੀਆਂ ਦੀ ਗਿਣਤੀ ਇਸ ਵੇਲੇ ਸਭ ਤੋਂ ਵੱਧ 83 ਲੱਖ ਦੇ ਕਰੀਬ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਹੁਣ ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਪਰਵਾਸ ਕਰਨਾ ਲਗਭਗ ਅਸੰਭਵ ਹੈ।