ਲਖਨਊ: ਪ੍ਰਿੰਸੀਪਲ ਵਿਰੁਧ ਛੇੜਛਾੜ ਦੀ ਰੀਪੋਰਟ ਦਰਜ ਕਰਵਾਉਣ ਵਾਲੀਆਂ ਵੇਵ ਸਿਟੀ ਥਾਣਾ ਖੇਤਰ ਦੇ ਇਕ ਸਕੂਲ ਦੀਆਂ ਵਿਦਿਆਰਥਣਾਂ ਨੇ ਸੋਮਵਾਰ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਖੂਨ ਨਾਲ ਚਿੱਠੀ ਲਿਖੀ ਹੈ। ਇਸ ਵਿਚ ਮੁੱਖ ਮੰਤਰੀ ਤੋਂ ਦੋਸ਼ੀ ਪ੍ਰਿੰਸੀਪਲ ਵਿਰੁਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਵਿਦਿਆਰਥਣਾਂ ਨੇ ਲਿਖਾਆ, “ਬਾਬਾ ਜੀ ਅਸੀਂ ਸਾਰੀਆਂ ਤੁਹਾਡੀਆਂ ਧੀਆਂ ਹਾਂ, ਸਾਨੂੰ ਇਨਸਾਫ਼ ਦਿਉ”।
ਦਰਅਸਲ ਪ੍ਰਿੰਸੀਪਲ ਵਿਰੁਧ ਵੇਵ ਸਿਟੀ ਥਾਣੇ ਵਿਚ 21 ਅਗਸਤ ਨੂੰ ਰੀਪੋਰਟ ਦਰਜ ਕਰਵਾਈ ਗਈ ਸੀ। ਜਦੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਸਕੂਲ ਪਹੁੰਚੇ। ਪ੍ਰਿੰਸੀਪਲ ਨੇ ਉਨ੍ਹਾਂ ਪ੍ਰਵਾਰਾਂ ਵਿਰੁਧ ਕੇਸ ਦਰਜ ਕਰਵਾ ਦਿਤਾ। ਇਸ ਵੀ ਇਲਜ਼ਾਮ ਲਗਾਇਆ ਗਿਆ ਕਿ ਉਨ੍ਹਾਂ ਨੇ ਸਕੂਲ ਵਿਚ ਦਾਖਲ ਹੋ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਸਿਰ ਭੰਨ ਦਿਤਾ।
ਪੁਲਿਸ ਨੇ ਦੋਵੇਂ ਪਾਸਿਉਂ ਕੇਸ ਦਰਜ ਕੀਤੇ ਪਰ ਛੇੜਛਾੜ ਦੇ ਮਾਮਲੇ ਵਿਚ ਹੁਣ ਤਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਪਿੰਡ ਦੇ ਲੋਕਾਂ ਅਤੇ ਵਿਦਿਆਰਥਣਾਂ ਵਲੋਂ ਪ੍ਰਿੰਸੀਪਲ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਚਾਰ ਪੰਨਿਆਂ ਦੇ ਪੱਤਰ ਵਿਚ ਵਿਦਿਆਰਥਣਾਂ ਨੇ ਲਿਖਿਆ ਕਿ ਪ੍ਰਿੰਸੀਪਲ ਰੋਜ਼ਾਨਾ ਕਿਸੇ ਨਾ ਕਿਸੇ ਵਿਦਿਆਰਥਣ ਨੂੰ ਅਪਣੇ ਦਫ਼ਤਰ ਵਿਚ ਬੁਲਾ ਕੇ ਛੇੜਛਾੜ ਕਰਦਾ ਹੈ।