ਕਾਰਾਂ ‘ਤੇ ਜਾਤੀ ਜਾਂ ਧਾਰਮਿਕ ਸਟਿੱਕਰ ਲਗਾਉਣਾ ਪੂਰੇ ਭਾਰਤ ਵਿਚ ਆਮ ਗੱਲ ਹੈ ਪਰ ਉੱਤਰ ਪ੍ਰਦੇਸ਼ ਵਿਚ ਹੁਣ ਤੋਂ ਅਜਿਹਾ ਕਰਨ ‘ਤੇ ਪੁਲਿਸ ਜੁਰਮਾਨਾ ਲਗਾਏਗੀ। ਸੂਬੇ ਵਿਚ ਪੁਲਿਸ ਨੇ ਕਾਰ ਮਾਲਕਾਂ ‘ਤੇ ਆਪਣੇ ਵਾਹਨਾਂ ‘ਤੇ ਜਾਤੀ ਤੇ ਧਾਰਮਿਕ ਸਟਿੱਕਰ ਲਗਾਉਣ ‘ਤੇ ਜੁਰਮਾਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਿਰਦੇਸ਼ ਦੇ ਬਾਅਦ ਇਹ ਕਾਰਵਾਈ ਕੀਤੀ ਜਾ ਰਹੀ ਹੈ। ਰਿਪੋਰਟ ਵਿਚ ਪੁਲਿਸ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਵਾਹਨਾਂ ‘ਤੇ ਅਜਿਹੇ ਸਟਿੱਕਰ ਤੇ ਪ੍ਰਤੀਕ ਪ੍ਰਦਰਸ਼ਿਤ ਕਰਨ ਨਾਲ ਹੋਰਨਾਂ ਡਰਾਈਵਰਾਂ ਦਾ ਧਿਆਨ ਭਟਕ ਸਕਦਾ ਹੈ ਤੇ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਕੋਈ ਅਸਥਾਈ ਮੁਹਿੰਮ ਨਹੀਂ ਹੈ ਤੇ ਅਜਿਹੇ ਅਪਰਾਧੀਆਂ ਨੂੰ ਪੂਰੇ ਸਾਲ ਭਰ ਸਜ਼ਾ ਦਿੱਤੀ ਜਾਵੇਗੀ। ਨੋਇਡਾ ਟ੍ਰੈਫਿਕ ਪੁਲਿਸ ਨੇ 11 ਅਗਸਤ ਨੂੰ ਇਹ ਮੁਹਿੰਮ ਸ਼ੁਰੂ ਕੀਤੀ ਸੀ। ਜਾਤੀ ਤੇ ਧਾਰਮਿਕ ਸਟਿੱਕਰ ਦਾ ਇਸਤੇਮਾਲ ਕਰਨ ਵਾਲੇ ਕਾਰ ਮਾਲਕਾਂ ਨੂੰ ਸਜ਼ਾ ਦੇਣ ਤੋਂ ਇਲਾਵਾ ਪੁਲਿਸ ਉਨ੍ਹਾਂ ਡਰਾਈਵਰਾਂ ‘ਤੇ ਵੀ ਜੁਰਮਾਨਾ ਲਗਾ ਰਹੀ ਹੈ ਜੋ ਕਾਰ ਦੀਆਂ ਖਿੜਕੀਆਂ ‘ਤੇ ਰੰਗੀਨ ਫਿਲਮ ਦਾ ਇਸਤੇਮਾਲ ਕਰਦੇ ਹਨ ਤੇ ਬਿਨਾਂ ਲਾਇਸੈਂਸ ਦੇ ਗੱਡੀ ਚਲਾਉਂਦੇ ਹਨ।