ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭਾਰਤ ਦਾ 77 ਵਾਂ ਆਜ਼ਾਦੀ ਦਿਵਸ ਇਥੇ ਇੰਡੀਆ ਹਾਊਸ ਵਿਚ ਮਨਾਇਆ ਗਿਆ। ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਮਹਾਤਮਾ ਗਾਂਧੀ ਦੀ ਯਾਦਗਾਰ ‘ਤੇ ਸ਼ਰਧਾਂਜਲੀ ਦੇਣ ਉਪਰੰਤ ਰਾਸ਼ਟਰੀ ਝੰਡਾ ਲਹਿਰਾਇਆ। ਇਸ ਉਪਰੰਤ ਹੋਏ ਸਮਾਗਮ ਵਿਚ ਸੰਧੂ ਨੇ ਭਾਰਤ ਦੇ ਵਿਕਾਸ ਦੀ ਗੱਲ ਕੀਤੀ। ਉਨਾਂ ਨੇ ਜੀ-20 ਦੀ ਭਾਰਤ ਨੂੰ ਮਿਲੀ ਅਗਵਾਈ ਦਾ ਵਿਸ਼ੇਸਸ਼ ਤੌਰ ‘ਤੇ ਜਿਕਰ ਕੀਤਾ। ਉਨਾਂ ਨੇ ਭਾਰਤ ਤੇ ਅਮਰੀਕਾ ਵਿਚਾਲ ਹੋ ਰਹੇ ਮਜਬੂਤ ਸਬੰਧਾਂ ਬਾਰੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਜੋ ਬਾਈਡਨ ਦੀ ਅਗਵਾਈ ਵਿਚ ਕੌਮਾਂਤਰੀ ਮੰਚ ‘ਤੇ ਦੋਨਾਂ ਦੇਸ਼ਾਂ ਵਿਚਾਲੇ ਸਬੰਧ ਅਹਿਮ ਮੁਕਾਮ ‘ਤੇ ਪੁੱਜੇ ਹਨ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਹਾਲ ਹੀ ਵਿਚ ਅਮਰੀਕਾ ਫੇਰੀ ਨੇ ਦੋਨਾਂ ਦੇਸ਼ਾਂ ਵਿਚਾਲੇ ਡੂੰਘੇ ਸਬੰਧਾਂ ਨੂੰ ਹੋਰ ਮਜਬੂਤ ਕੀਤਾ ਹੈ। ਉਨਾਂ ਕਿਹਾ ਕਿ ਇਸ ਫੇਰੀ ਨਾਲ ਦੁਪਾਸੜ ਭਰੋਸਾ ਤੇ ਸਹਿਯੋਗ ਹੋਰ ਵਧਿਆ ਹੈ। ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਵੀ ਹੋਇਆ ਜਿਸ ਵਿਚ ਕਲਾਕਾਰਾਂ ਨੇ ਦੇਸ਼ ਭਗਤੀ ਦੇ ਗੀਤ ਗਾਏ। ਸਮਾਗਮ ਵਿਚ ਭਾਰਤੀ ਅਮਰੀਕੀ ਭਾਈਚਾਰੇ ਤੋਂ ਇਲਾਵਾ ਵਿਦਿਆਰਥੀਆਂ ਤੇ ਹੋਰਨਾਂ ਨੇ ਹਿੱਸਾ ਲਿਆ।