ਲੰਡਨ : ਯੂ.ਕੇ. ਵਿਚ ਵਸਦੇ ਇਕ ਸਿੱਖ ਪਰਵਾਰ ’ਤੇ ਮੁਲਕ ਦੇ ਡਾਕ ਵਿਭਾਗ ਨਾਲ 70 ਮਿਲੀਅਨ ਪਾਊਂਡ ਦੀ ਠੱਗੀ ਮਾਰਨ ਦੇ ਦੋਸ਼ ਲੱਗੇ ਹਨ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਪਰਮਜੀਤ ਸੰਧੂ ਅਤੇ ਉਸ ਦੇ ਭਤੀਜੇ ਬਲਜਿੰਦਰ ਸੰਧੂ ਨੇ 10 ਸਾਲ ਦੇ ਸਮੇਂ ਦੌਰਾਨ ਡਾਕ ਵਿਭਾਗ ਰਾਹੀਂ ਭੇਜੀਆਂ ਜਾਣ ਵਾਲੀਆਂ ਚੀਜ਼ਾਂ ਦਾ ਵਜ਼ਨ ਅਤੇ ਗਿਣਤੀ ਘਟਾ ਕੇ ਪੇਸ਼ ਕਰਦਿਆਂ ਨਾਜਾਇਜ਼ ਪੈਸਾ ਇਕੱਠਾ ਕੀਤਾ। ਅਦਾਲਤ ਵਿਚ ਪੇਸ਼ ਹੋਏ 56 ਸਾਲ ਦੇ ਪਰਮਜੀਤ ਸੰਧੂ ਅਤੇ 46 ਸਾਲ ਦੇ ਬਲਜਿੰਦਰ ਸੰਧੂ ਨੇ ਖੁਦ ਨੂੰ ਬੇਕਸੂਰ ਦੱਸਿਆ ਪਰ ਇਨ੍ਹਾਂ ਦਾ ਰਿਸ਼ਤੇਦਾਰ ਨਰਿੰਦਰ ਸੰਧੂ ਪਹਿਲਾਂ ਹੀ ਦੋਸ਼ ਕਬੂਲ ਕਰ ਚੁੱਕਾ ਹੈ। ਠੱਗੀ ਦੇ ਪੈਸੇ ਨਾਲ ਮਹਿੰਗੇ ਮਹਿੰਗੇ ਬੰਗਲੇ ਖਰੀਦੇ ਗਏ ਅਤੇ ਲਗਜ਼ਰੀ ਗੱਡੀਆਂ ਦੇ ਸ਼ੌਕ ਪੂਰੇ ਹੋਏ।