ਅੰਮ੍ਰਿਤਸਰ : ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਜ਼ਮਾਨਤ ਪਟੀਸ਼ਨ ਅਦਾਲਤ ਵਿਚ ਦਾਇਰ ਕੀਤੀ ਹੈ। ਪਿਛਲੀ ਵਾਰ ਸਾਬਕਾ ਉਪ ਮੁੱਖ ਮੰਤਰੀ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿਚ ਪੇਸ਼ ਹੋਏ ਸਨ ਪਰ ਵੀਡੀਓ ਸਪੱਸ਼ਟ ਨਾ ਹੋਣ ਕਾਰਨ ਉਨ੍ਹਾਂ ਨੂੰ ਖੁਦ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਨਾ ਹੋਣ ਕਾਰਨ ਉਹ ਸ਼ਨਿਚਰਵਾਰ ਨੂੰ ਵੀ ਅਦਾਲਤ ਵਿਚ ਪੇਸ਼ ਨਹੀਂ ਹੋ ਸਕੇ। ਸੋਨੀ ਅਜੇ ਵੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਅਦਾਲਤ ਨੇ ਉਨ੍ਹਾਂ ਨੂੰ ਇਕ ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।
ਵਰਨਣਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ 9 ਜੁਲਾਈ ਨੂੰ ਸੋਨੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਅਨੁਸਾਰ ਉਨ੍ਹਾਂ ਨੇ ਸਾਲ 2016 ਤੋਂ ਸਾਲ 2022 ਤੱਕ ਆਮਦਨ ਤੋਂ ਵੱਧ ਜਾਇਦਾਦਾਂ ਹਾਸਲ ਕੀਤੀਆਂ ਹਨ। ਇਕ ਅਪ੍ਰੈਲ 2016 ਤੋਂ 31 ਮਾਰਚ, 2022 ਤੱਕ, ਕੁੱਲ ਆਮਦਨ 4,52,18,771 ਰੁਪਏ ਸੀ, ਜਦੋਂਕਿ ਸੋਨੀ ਦੀ ਤਰਫੋਂ ਖਰਚਾ 12,48,42,692 ਰੁਪਏ ਸੀ। ਸੋਨੀ ਦੁਆਰਾ ਕੀਤਾ ਗਿਆ ਇਹ ਖਰਚਾ 7,96,23,921 ਰੁਪਏ ਯਾਨੀ ਉਸ ਦੀ ਆਮਦਨ ਤੋਂ 176.08 ਫੀਸਦੀ ਵੱਧ ਹੈ। ਅਦਾਲਤ ਨੇ ਸੋਨੀ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ ਸੀ ਪਰ ਸਿਹਤ ਵਿੱਚ ਸੁਧਾਰ ਨਾ ਹੋਣ ਕਾਰਨ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹਨ।