ਬੀਜਿੰਗ: ਚੀਨ ਵਿਚ ਇੱਕ ਸਕੂਲ ਦੇ ਸਿਲੇਬਸ ਨੂੰ ਲੈ ਕੇ ਬਹਿਸ ਛਿੜ ਗਈ ਹੈ। ਮਾਮਲਾ ਦੱਖਣੀ ਚੀਨ ਦੇ ਇੱਕ ਮਿਡਲ ਸਕੂਲ ਨਾਲ ਸਬੰਧਤ ਹੈ। ਇਸ ਸਕੂਲ ਦੇ ਸਿਲੇਬਸ ਵਿਚ ਮਾਨਸਿਕ ਸਿਹਤ ਸਿੱਖਿਆ ਦਾ ਇੱਕ ਅਧਿਆਏ ਸ਼ਾਮਿਲ ਕੀਤਾ ਗਿਆ ਹੈ।
ਇਸ ਅਧਿਆਏ ਵਿਚ ਲੜਕੀਆਂ ਨੂੰ ਭੜਕਾਊ ਜਾਂ ਦਿਖਾਵੇ ਵਾਲੇ ਕੱਪੜੇ ਨਾ ਪਾਉਣ ਅਤੇ ਫਲਰਟ ਕਰਨ ਦੀ ਕੋਸਿ਼ਸ਼ ਨਾ ਕਰਨ ਲਈ ਕਿਹਾ ਗਿਆ ਹੈ। ਚੈਪਟਰ ਵਿਚ ਕਿਹਾ ਗਿਆ ਹੈ ਕਿ ਜੇਕਰ ਲੜਕੀਆਂ ਇਨ੍ਹਾਂ ਚੀਜ਼ਾਂ ਤੋਂ ਪ੍ਰਹੇਜ਼ ਨਹੀਂ ਕਰਦੀਆਂ ਤਾਂ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਮਰੀਕੀ ਟੀਵੀ ਚੈਨਲ ‘ਸੀਐੱਨਐੱਨ’ ਨੇ ਚੀਨ ਦੇ ਪੀਪਲਜ਼ ਡੇਲੀ ਅਖ਼ਬਾਰ ਦੇ ਹਵਾਲੇ ਨਾਲ ਇਸ ਵਿਵਾਦ ਬਾਰੇ ਰਿਪੋਰਟ ਪ੍ਰਕਾਸਿ਼ਤ ਕੀਤੀ ਹੈ। ਇਸ ਮੁਤਾਬਕ ਮਾਮਲਾ ਝਾਓਕਿੰਗ ਸ਼ਹਿਰ ਦੇ ਇੱਕ ਨਾਮੀ ਮਿਡਲ ਸਕੂਲ ਦਾ ਹੈ। ਇਹ ਸ਼ਹਿਰ ਗੁਆਂਗਡੋਂਗ ਸੂਬੇ ਵਿਚ ਆਉਂਦਾ ਹੈ। ਇਸ ਸਕੂਲ ਵਿਚ ਪਿਛਲੇ ਸਾਲ ਸਿਲੇਬਸ ਵਿਚ ਮਾਨਸਿਕ ਸਿਹਤ ਸਿੱਖਿਆ ਨੂੰ ਸ਼ਾਮਿਲ ਕੀਤਾ ਗਿਆ ਸੀ ਪਰ ਸਿਲੇਬਸ ਦੀ ਸਮੱਗਰੀ ਸੈਕਸ ਐਜੂਕੇਸ਼ਨ ਵਰਗੀ ਹੈ।
ਸਿਲੇਬਸ ਭਾਵੇਂ ਪਿਛਲੇ ਸਾਲ ਲਾਗੂ ਹੋ ਗਿਆ ਹੋਵੇ, ਪਰ ਇਸਦੀ ਅਧਿਐਨ ਸਮੱਗਰੀ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਦੇ ਇੱਕ ਚੈਪਟਰ ਵਿਚ ਲੜਕੀਆਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਣ ਲਈ ਸੁਝਾਅ ਦਿੱਤੇ ਗਏ ਹਨ। ਇਸ ਅਨੁਸਾਰ ਲੜਕੀਆਂ ਨੂੰ ਪਾਰਦਰਸ਼ੀ ਪਹਿਰਾਵੇ ਦੀ ਥਾਂ ਸਾਦੇ ਕੱਪੜੇ ਪਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਉਸ ਨੂੰ ਕੋਈ ਵੀ ਅਜਿਹੀ ਹਰਕਤ ਨਹੀਂ ਕਰਨੀ ਚਾਹੀਦੀ, ਜਿਸ ਕਾਰਨ ਇਹ ਲੱਗੇ ਕਿ ਉਹ ਫਲਰਟ ਕਰ ਰਹੀ ਹੈ। ਇਸ ਨਾਲ ਉਸ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਇਆ ਜਾ ਸਕੇਗਾ।