ਓਟਵਾ- ਭਾਰਤ ਦੇ ਆਜ਼ਾਦੀ ਦਿਹਾੜੇ ਤੋਂ ਐਨ ਪਹਿਲਾਂ ਕੱਟੜਵਾਦੀ ਅਨਸਰਾਂ ਵੱਲੋਂ ਸ਼ਨਿੱਚਰਵਾਰ ਦੇਰ ਰਾਤ ਬ੍ਰਿਟਿਸ਼ ਕੋਲੰਬੀਆ ਦੇ ਮੰਦਿਰ ਨੂੰ ਨੁਕਸਾਨ ਪਹੁੰਚਾਇਆ ਗਿਆ। ਮੰਦਿਰ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪੋਸਟਰ ਵੀ ਲਾਏ ਗਏ। ‘ਆਸਟਰੇਲੀਆ ਟੂਡੇ’ ਨੇ ਇਕ ਟਵੀਟ ਵਿੱਚ ਕਿਹਾ ਕਿ ਮੰਦਿਰ ਵਿਚ ਭੰਨ-ਤੋੜ ਦੀ ਘਟਨਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵਾਪਰੀ। ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਵਾੲਿਰਲ ਹੋ ਗਈ ਹੈ। ‘ਆਸਟਰੇਲੀਆ ਟੂਡੇ’ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਦੋ ਨਕਾਬਪੋਸ਼ ਭੱਜਣ ਤੋਂ ਪਹਿਲਾਂ ਮੰਦਿਰ ਦੀ ਕੰਧ ’ਤੇ ਪੋਸਟਰ ਲਾਉਂਦੇ ਅਤੇ ਤਸਵੀਰਾਂ ਖਿੱਚਦੇ ਨਜ਼ਰ ਆ ਰਹੇ ਹਨ। ਮੰਦਿਰ ਦੇ ਗੇਟ ’ਤੇ ਲਾਏ ਗਏ ਪੋਸਟਰ ਵਿੱਚ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਵੀ ਹੈ, ਜਿਸ ਦੀ ੲਿਸ ਸਾਲ ਜੂਨ ਵਿੱਚ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।