ਇਕੁਆਡੋਰ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਫਰਨਾਂਡੋ ਵਿਲਾਵਿਸੇਨਸ਼ੀਓ ਦੀ ਦੇਸ਼ ਦੀ ਰਾਜਧਾਨੀ ਕਿਊਟੋ ਵਿੱਚ ਸਿਆਸੀ ਰੈਲੀ ਦੌਰਾਨ ਅਣਪਛਾਤੇ ਬੰਦੂਕਧਾਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਰਾਸ਼ਟਰਪਤੀ ਗੁਲੇਰਮੋ ਲਾਸੋ ਨੇ ਇਹ ਜਾਣਕਾਰੀ ਦਿੱਤੀ। ਇਹ ਕਤਲ ਅਜਿਹੇ ਸਮੇਂ ਹੋਇਆ ਹੈ ਜਦੋਂ ਦੱਖਣੀ ਅਮਰੀਕੀ ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਿੰਸਾ ਆਪਣੇ ਸਿਖਰ ‘ਤੇ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਫਰਨਾਂਡੋ ਨੂੰ ਸੁਰੱਖਿਆ ਕਰਮਚਾਰੀਆਂ ਨਾਲ ਘਿਰਿਆ ਹੋਇਆ ਘਟਨਾ ਸਥਾਨ ਛੱਡਦੇ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਉਹ ਚਿੱਟੇ ਰੰਗ ਦੇ ਟਰੱਕ ‘ਚ ਦਾਖਲ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਫਿਰ ਉਨ੍ਹਾਂ ‘ਤੇ ਗੋਲੀਆਂ ਚਲਦੀਆਂ ਦੇਖੀਆਂ ਗਈਆਂ। ਫਰਨਾਂਡੋ (59) ‘ਬਿਲਡ ਇਕੁਆਡੋਰ ਮੂਵਮੈਂਟ’ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਨ। ਅਗਸਤ ਦੇ ਅਖੀਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਉਹ ਅੱਠ ਰਾਸ਼ਟਰਪਤੀ ਉਮੀਦਵਾਰਾਂ ਵਿੱਚੋਂ ਇੱਕ ਸੀ। ਉਹ ਵਿਆਹੇ ਸਨ ਤੇ ਉਨ੍ਹਾਂ ਦੇ ਪੰਜ ਬੱਚੇ ਹਨ।