ਲੋਕ ਸਭਾ ‘ਚ ਬੇਭਰੋਸਗੀ ਮਤੇ ‘ਤੇ ਚੱਲ ਰਹੀ ਚਰਚਾ ਦੇ ਵਿਚਕਾਰ ਰਾਹੁਲ ਗਾਂਧੀ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਆਪਣਾ ਸੰਬੋਧਨ ਪੂਰਾ ਕਰਨ ਤੋਂ ਬਾਅਦ ਰਾਹੁਲ ਵੀ ਸਦਨ ਤੋਂ ਚਲੇ ਗਏ। ਇਸ ਤੋਂ ਬਾਅਦ ਕੇਂਦਰੀ ਮੰਤਰੀ ਸਮਿ੍ਰਤੀ ਇਰਾਨੀ ਨੇ ਆਪਣੇ ਬਿਆਨ ‘ਚ ਰਾਹੁਲ ‘ਤੇ ਤਿੱਖਾ ਹਮਲਾ ਕੀਤਾ। ਸਮਿ੍ਰਤੀ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੇ ਅਸ਼ਲੀਲ ਇਸ਼ਾਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਦਨ ਤੋਂ ਬਾਹਰ ਨਿਕਲਦੇ ਸਮੇਂ ਰਾਹੁਲ ਨੇ ਫਲਾਇੰਗ ਕਿੱਸ ਦਾ ਇਸ਼ਾਰਾ ਕੀਤਾ। ਦੱਸਿਆ ਗਿਆ ਹੈ ਕਿ ਭਾਜਪਾ ਸੰਸਦ ਸ਼ੋਭਾ ਕਰੰਦਲਾਜੇ ਨੇ ਵੀ ਇਸ ਘਟਨਾ ਨੂੰ ਲੈ ਕੇ ਸਪੀਕਰ ਓਮ ਬਿਰਲਾ ਨੂੰ ਸ਼ਿਕਾਇਤ ਕੀਤੀ ਹੈ। ਲੋਕ ਸਭਾ ਵਿੱਚ ਬੋਲਦਿਆਂ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਿ੍ਰਤੀ ਇਰਾਨੀ ਨੇ ਕਿਹਾ, ਜਿਨ੍ਹਾਂ ਨੂੰ ਮੇਰੇ ਤੋਂ ਪਹਿਲਾਂ ਇੱਥੇ ਬੋਲਣ ਦਾ ਮੌਕਾ ਮਿਲਿਆ, ਉਨ੍ਹਾਂ ਨੇ ਅੱਜ ਬੇਇੱਜ਼ਤੀ ਕੀਤੀ ਹੈ। ਉਸ ਨੇ ਆਪਣਾ ਭਾਸ਼ਣ ਖ਼ਤਮ ਕਰਨ ਤੋਂ ਬਾਅਦ ਅਸ਼ਲੀਲ ਵਿਵਹਾਰ ਕੀਤਾ। ਉਨ੍ਹਾਂ ਨੇ ਸੰਸਦ ਵਿੱਚ ਫਲਾਇੰਗ ਕਿੱਸ ਦਾ ਇਸ਼ਾਰਾ ਕੀਤਾ ਜਿਸ ਵਿੱਚ ਔਰਤਾਂ ਵੀ ਬੈਠੀਆਂ ਹਨ। ਅਜਿਹਾ ਵਿਵਹਾਰ ਕੇਵਲ ਇੱਕ ਦੁਸ਼ਟ ਆਦਮੀ ਹੀ ਕਰ ਸਕਦਾ ਹੈ।