ਜਲੰਧਰ : ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਆਦਮਪੁਰ ਹਵਾਈ ਅੱਡੇ ਦੇ ਨਵੇਂ ਬਣੇ ਘਰੇਲੂ ਟਰਮੀਨਲ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ‘ਤੇ ਰੱਖਿਆ ਜਾਵੇ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਐਮ. ਸਿੰਧੀਆ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਨੇ ਆਦਮਪੁਰ ਹਵਾਈ ਅੱਡੇ, ਜ਼ਿਲ੍ਹਾ ਜਲੰਧਰ ਦੇ ਘਰੇਲੂ ਟਰਮੀਨਲ ਦਾ ਨਾਂ ‘ਸ਼੍ਰੀ ਗੁਰੂ ਰਵਿਦਾਸ ਜੀ’ ਦੇ ਨਾਂ ‘ਤੇ ਰੱਖਣ ਦਾ ਮਤਾ ਪਾਸ ਕੀਤਾ ਹੈ। ਇਸ ਲਈ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਮਤੇ ਅਤੇ ਲੋਕਾਂ ਦੀਆਂ ਭਾਵਨਾਵਾਂ ਅਤੇ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਆਦਮਪੁਰ ਹਵਾਈ ਅੱਡੇ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ‘ਤੇ ਰੱਖਿਆ ਜਾਵੇ। ਟਰਮੀਨਲ ਤੋਂ ਫਲਾਈਟ ਸੇਵਾਵਾਂ ਤੁਰੰਤ ਸ਼ੁਰੂ ਕਰਨ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਹਵਾਈ ਸੰਪਰਕ ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਦੋਆਬਾ ਖੇਤਰ ਲਈ ਹਵਾਈ ਸੰਪਰਕ ਦੀ ਸੰਭਾਵਨਾ ਅਤੇ ਲੋੜ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਉਡਾਨ ਸਕੀਮ ਤਹਿਤ ਘੱਟ ਕੀਮਤ ਵਾਲੀ ਏਅਰਲਾਈਨ ਸਪਾਈਸ ਜੈੱਟ ਨੂੰ ਦਿੱਲੀ-ਆਦਮਪੁਰ ਸੈਕਟਰ ਵਿੱਚ ਉਡਾਣਾਂ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਨਾਲ ਹੀ ਮੁੰਬਈ-ਆਦਮਪੁਰ-ਮੁੰਬਈ ਲਈ ਉਡਾਣਾਂ ਸ਼ੁਰੂ ਹੋਈਆਂ ਅਤੇ ਇਹ ਉਡਾਣਾਂ ਅਪ੍ਰੈਲ 2021 ਤੱਕ ਸਫਲਤਾਪੂਰਵਕ ਚਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਹਵਾਈ ਆਵਾਜਾਈ ਦੇ ਹਾਂ-ਪੱਖੀ ਹੁੰਗਾਰੇ ਨੂੰ ਦੇਖਦੇ ਹੋਏ ਅਤੇ ਸੈਕਟਰ ਦੀ ਮੰਗ ਨੂੰ ਪੂਰਾ ਕਰਦੇ ਹੋਏ ਸਰਕਾਰ ਨੇ ਨਵੀਂ ਟਰਮੀਨਲ ਇਮਾਰਤ ਦੀ ਉਸਾਰੀ ਨੂੰ ਮਨਜ਼ੂਰੀ ਦਿੱਤੀ ਸੀ।