ਰਾਜ ਸਭਾ ਮੈਂਬਰ ਅਤੇ ਕ੍ਰਿਕਟਰ ਹਰਭਜਨ ਸਿੰਘ ਭੱਜੀ ਸੇਵਾ ਭਾਵਨਾ ਦਿਖਾਉਣ ਲਈ ਹੜ੍ਹ ਪ੍ਰਭਾਵਿਤ ਜਲੰਧਰ ਦੇ ਲੋਹੀਆਂ ਇਲਾਕੇ ਪਹੁੰਚੇ। ਭੱਜੀ ਨੇ ਢੱਕਾ ਬਸਤੀ ਨੇੜੇ ਗੱਟਾ ਮੰਡੀ ਕਾਸੋ ਵਿਖੇ ਟੁੱਟੇ ਧੁੱਸੀ ਬੰਨ੍ਹ ਦੀ ਉਸਾਰੀ ਲਈ ਕਾਰਸੇਵਾ ਵਿੱਚ ਮਿੱਟੀ ਦੇ ਬੋਰੇ ਚੁੱਕੇ। ਇਸ ਮੌਕੇ ਉਨ੍ਹਾਂ ਕਿਹਾ ਕਿ ਹੜ੍ਹਾਂ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ ਸਗੋਂ ਲੋਕਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ।
ਹੜ੍ਹਾਂ ਦੌਰਾਨ ਵੀ ਆਪਣੇ ਵਿਦੇਸ਼ੀ ਦੌਰਿਆਂ ‘ਤੇ ਵਿਰੋਧੀ ਪਾਰਟੀਆਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ‘ਤੇ ਭੱਜੀ ਨੇ ਜਵਾਬ ਦਿੱਤਾ ਕਿ ਉਹ ਹੜ੍ਹਾਂ ਤੋਂ ਪਹਿਲਾਂ ਹੀ ਵਿਦੇਸ਼ ‘ਚ ਸਨ। ਜੇਕਰ ਉਹ ਇੱਥੇ ਹੁੰਦਾ ਤਾਂ ਸਭ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਦਾ। ਇਹ ਸਿਆਸਤ ਕਰਨ ਦਾ ਸਮਾਂ ਨਹੀਂ ਹੈ। ਇਹ ਸਮਾਂ ਹੈ ਅੱਗੇ ਆਉਣ ਅਤੇ ਲੋਕਾਂ ਦੀ ਮਦਦ ਕਰਨ ਦਾ।
ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਿਰਫ਼ ਆਪਣੇ MP ਫੰਡ ਵਿੱਚੋਂ ਹੀ ਨਹੀਂ ਸਗੋਂ ਨਿੱਜੀ ਤੌਰ ’ਤੇ ਵੀ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਉਹ ਸੰਸਦ ਦੇ ਮਾਨਸੂਨ ਸੈਸ਼ਨ ‘ਚ ਸ਼ਿਰਕਤ ਕਰਨਗੇ। ਇਸ ਦੌਰਾਨ ਉਹ ਪੰਜਾਬ ਦੀ ਆਵਾਜ਼ ਬੁਲੰਦ ਕਰਨਗੇ ਅਤੇ ਹੜ੍ਹਾਂ ਕਾਰਨ ਪੰਜਾਬ ਨੂੰ ਹੋਏ ਨੁਕਸਾਨ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਵੀ ਕਰਨਗੇ।