ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਵਰਦੇਲੋ ਵਿਖੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੁਆਰਾ ਵਰਲਡ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ਓਪਨ ਯੂਰਪੀ ਕਬੱਡੀ ਚੈਂਪੀਅਨਸ਼ਿਪ ਕਰਵਾਈ ਗਈ। ਲਗਾਤਾਰ ਦੂਜੇ ਸਾਲ ਕੋਨੀ ਦੇ ਅਧੀਨ ਅਤੇ ਵਰਲਡ ਕਬੱਡੀ ਤੇ ਯੂਰਪ ਕਬੱਡੀ ਦੇ ਪ੍ਰਧਾਨ ਅਸ਼ੋਕ ਦਾਸ ਤੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਜੌਹਲ ਸਨੇਰ ਦੀ ਅਗਵਾਈ ਹੇਠ ਕਰਵਾਏ ਇਸ ਟੂਰਨਾਮੈਂਟ ਵਿਚ ਯੂਰਪ ਦੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ।
ਸਨੇਰ ਪਿੰਡ ਦੇ ਰਹਿਣ ਵਾਲੇ ਸੁਖਮੰਦਰ ਸਿੰਘ ਜੌਹਲ ਦੇ ਸਹਿਯੋਗ ਨਾਲ ਪਹਿਲਾਂ ਵੀ ਇਟਲੀ ਵਿਚ ਯੂਰਪੀ ਕਬੱਡੀ ਚੈਂਪੀਅਨਸ਼ਿਪ ਕਰਵਾਈ ਜਾ ਚੁੱਕੀ ਹੈ। ਉਹ ਲਗਾਤਾਰ ਕਬੱਡੀ ਨੂੰ ਯੂਰਪੀ ਦੇਸ਼ਾਂ ਵਿਚ ਪ੍ਰਫੁੱਲਿਤ ਕਰਨ ਦਾ ਕੰਮ ਕਰ ਰਹੇ ਨੇ ਤੇ ਆਪਣੇ ਪਿੰਡ ਸਨੇਰ ਦਾ ਨਾਂ ਉੱਚਾ ਕਰ ਰਹੇ ਨੇ। ਜਲੰਧਰ ਤੋਂ ਦਾਦਰਾ ਟਰੈਵਲਜ਼ ਦੇ ਮਾਲਕ ਪ੍ਰਸ਼ੋਤਮ ਲਾਲ ਦਾਦਰਾ ਇਸ ਚੈਂਪੀਅਨਸ਼ਿਪ ਵਿਚ ਉਚੇਚੇ ਤੌਰ ‘ਤੇ ਮੁੱਖ ਮਹਿਮਾਨ ਵਜੋਂ ਪਹੁੰਚੇ।ਇਸ ਕਬੱਡੀ ਚੈਂਪੀਅਨਸ਼ਿਪ ਵਿਚ ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ ਦੇ ਮੈਚ ਕਰਵਾਏ ਗਏ। ਇਸ ਤੋਂ ਇਲਾਵਾ ਅੰਡਰ 20 ਦਾ ਸ਼ੋਅ ਮੈਚ ਵੀ ਕਰਵਾਇਆ ਗਿਆ।
ਇਸ ਯੂਰਪੀ ਕਬੱਡੀ ਚੈਂਪੀਅਨਸ਼ਿਪ ਵਿਚ ਕਬੱਡੀ ਦੇ ਗਹਿਗੱਚ ਮੁਕਾਬਲੇ ਦੇਖਣ ਨੂੰ ਮਿਲੇ। ਜੇਤੂਆਂ ਨੂੰ ਟਰਾਫੀਆਂ ਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸਵੇਰ ਤੋਂ ਹੀ ਦਰਸ਼ਕਾਂ ਵਿਚ ਇਸ ਚੈਂਪੀਅਨਸ਼ਿਪ ਲਈ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਗਿਆ। ਜਿਹਨਾਂ ਨੇ ਪ੍ਰਬੰਧਕਾਂ ਵੱਲੋਂ ਕੀਤੇ ਚੰਗੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ। ਇਸ ਓਪਨ ਯੂਰਪੀ ਕਬੱਡੀ ਚੈਂਪੀਅਨਸ਼ਿਪ ਦੇ ਹੋਏ ਫਾਈਨਲ ਮੁਕਾਬਲਿਆਂ ਵਿਚ ਸਰਕਲ ਸਟਾਈਲ (ਲੜਕੇ) ਦੇ ਮੁਕਾਬਲਿਆਂ ਵਿਚ NRI ਚੜ੍ਹਦੀਕਲਾ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਨੇ ਸ਼ੇਰ-ਏ-ਪੰਜਾਬ ਕਲੱਬ ਜਰਮਨ ਦੀ ਟੀਮ ਨੂੰ ਹਰਾਇਆ ।
ਪਹਿਲੇ ਸਥਾਨ ‘ਤੇ ਰਹੀ ਟੀਮ ਨੂੰ ਬਿੰਦਰਜੀਤ ਸਿੰਘ ਵੱਲੋਂ 3100 ਯੂਰੋ ਤੇ ਦੂਜੇ ਸਥਾਨ ‘ਤੇ ਰਹੀ ਟੀਮ ਨੂੰ ਵਿਚੈਂਸਾ ਸਪੋਰਟਸ ਕਲੱਬ ਆਰੈਸੋ ਵੱਲੋਂ 2500 ਯੂਰੋ ਨਗਦ ਰਾਸ਼ੀ ਭੇਂਟ ਕੀਤੀ ਗਈ। ਨੈਸ਼ਨਲ ਸਟਾਈਲ (ਲੜਕੇ) ਵਿਚ ਪੋਲੈਂਡ ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ ਹਰਾਇਆ। ਜਿਸ ਵਿਚ ਪਹਿਲੇ ਸਥਾਨ ‘ਤੇ ਰਹੀ ਟੀਮ ਨੂੰ 2100 ਯੂਰੋ ਤੇ ਦੂਜੇ ਸਥਾਨ ‘ਤੇ ਰਹੀ ਟੀਮ ਨੂੰ 1100 ਯੂਰੋ ਨਗਦ ਰਾਸ਼ੀ ਮਨੀ ਗਿੱਲ ਦੁਆਰਾ ਭੇਂਟ ਕੀਤੀ ਗਈ।