ਅੰਬਾਲਾ ‘ਚ ਹੜ੍ਹ ਵਰਗੀ ਸਥਿਤੀ ਤੋਂ ਬਾਅਦ ਹੋਰ ਸੂਬਿਆਂ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਹਨ। ਅੰਬਾਲਾ ਦਾ 8 ਸੂਬਿਆਂ ਨਾਲ ਸੰਪਰਕ ਟੁੱਟ ਗਿਆ ਹੈ। ਪਾਣੀ ਭਰਨ ਕਾਰਨ ਦਿੱਲੀ ਤੋਂ ਚੰਡੀਗੜ੍ਹ, ਪੰਜਾਬ, ਹਿਮਾਚਲ ਅਤੇ ਜੰਮੂ ਕਸ਼ਮੀਰ ਨੂੰ ਜਾਣ ਵਾਲੇ ਸਾਰੇ ਨੈਸ਼ਨਲ ਹਾਈਵੇਅ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਅੰਬਾਲਾ ਦਾ ਪੰਜਾਬ ਅਤੇ ਹਿਮਾਚਲ ਨਾਲੋਂ ਸੰਪਰਕ ਟੁੱਟ ਗਿਆ ਹੈ।
ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਅੰਬਾਲਾ-ਜਲੰਧਰ ਅਤੇ ਪੰਚਕੂਲਾ-ਯਮੁਨਾਨਗਰ ਨੈਸ਼ਨਲ ਹਾਈਵੇਅ, ਅੰਬਾਲਾ-ਹਿਸਾਰ ਹਾਈਵੇਅ ਨੂੰ ਬੰਦ ਕਰ ਦਿੱਤਾ ਹੈ। ਅੰਬਾਲਾ ‘ਚ 4-4 ਹਾਈਵੇਅ ਬੰਦ ਹੋਣ ਕਾਰਨ ਹਰਿਆਣਾ, ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਉਤਰਾਖੰਡ, ਰਾਜਸਥਾਨ ਅਤੇ ਦਿੱਲੀ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਬਾਲਾ ‘ਚ ਹਾਲਾਤ ਖਰਾਬ ਹੋਣ ਤੋਂ ਬਾਅਦ ਯਾਤਰਾਵਾਂ ‘ਤੇ ਰੋਕ ਲਗਾ ਦਿੱਤੀ ਗਈ ਹੈ।
ਅੰਬਾਲਾ ਨੂੰ ਪੰਜਾਬ ਨਾਲ ਜੋੜਨ ਵਾਲਾ ਜਲੰਧਰ ਹਾਈਵੇਅ, ਰਾਜਸਥਾਨ (ਹਿਸਾਰ) ਨੂੰ ਅੰਬਾਲਾ ਨਾਲ ਜੋੜਦਾ ਹਾਈਵੇਅ-152, ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ ਘੱਗਰ ਦਰਿਆ ਦੇ ਓਵਰਫਲੋਅ ਹੋਣ ਕਾਰਨ ਪਾਣੀ ਵਿੱਚ ਡੁੱਬ ਗਿਆ ਹੈ। ਕਈ ਫੁੱਟ ਤੱਕ ਪਾਣੀ ਖੜ੍ਹਾ ਹੈ, ਜਿਸ ਕਾਰਨ ਇਨ੍ਹਾਂ ਹਾਈਵੇਅ ਨੂੰ ਬੰਦ ਕਰਨਾ ਪਿਆ।