ਵਿਦੇਸ਼ਾਂ ਦੀ ਧਰਤੀ ਤੋਂ ਲਗਾਤਾਰ ਪੰਜਾਬੀਆਂ ਦੀ ਮੌਤਾਂ ਹੋਣ ਦੀਆਂ ਮਾੜੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਮੰਦਭਾਗੀ ਖਬਰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ ਸਾਹਮਣੇ ਆਈ ਹੈ ਜਿਥੇ ਇਕ ਮਹਿਲਾ ਦੀ ਆਸਟ੍ਰੇਲੀਆ ਵਿਚ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਅਵੰਤਿਕਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਅਵੰਤਿਕਾ ਕਾਂਗੜਾ ਜ਼ਿਲ੍ਹੇ ਦੇ ਡੇਹਰਾ ਦੀ ਪੰਚਾਇਤ ਧਵਾਲਾ ਦੇ ਪਿੰਡ ਸਨੋਤ ਦੀ ਰਹਿਣ ਵਾਲੀ ਸੀ। ਉਸ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖਬਰ ਹੈ। ਜਦੋਂ ਤੋਂ ਇਹ ਮੰਦਭਾਗੀ ਖਬਰ ਪਰਿਵਾਰ ਵਾਲਿਆਂ ਨੂੰ ਮਿਲੀ ਹੈ ਪੂਰੇ ਘਰ ਦਾ ਮਾਹੌਲ ਗਮਗੀਨ ਹੈ। ਅਜੇ ਇਕ ਸਾਲ ਪਹਿਲਾਂ ਹੀ ਉਸ ਦਾ ਵਿਆਹ ਆਸਟ੍ਰੇਲੀਆ ਦੇ ਨੌਜਵਾਨ ਕਰਨ ਕਪੂਰ ਨਾਲ ਹੋਇਆ ਸੀ
ਅਵੰਤਿਕਾ 8 ਮਹੀਨੇ ਪਹਿਲਾਂ ਹੀ ਆਪਣੇ ਪਤੀ ਕੋਲ ਆਸਟ੍ਰੇਲੀਆ ਪਹੁੰਚੀ ਸੀ। ਹਾਦਸੇ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਪਤੀ ਕਰਨ ਕਪੂਰ ਨੂੰ ਦੁਪਹਿਰ ਦਾ ਖਾਣਾ ਦੇ ਕੇ ਵਾਪਸ ਘਰ ਪਰਤ ਰਹੀ ਸੀ ਤੇ ਰਸਤੇ ਵਿਚ ਹੀ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਅਵੰਤਿਕਾ ਦੇ ਮਾਤਾ-ਪਿਤਾ ਸਨੋਤ ‘ਚ ਹਨ ਅਤੇ ਉਸ ਦੇ ਪਿਤਾ ਪੁਲਿਸ ਵਿਭਾਗ ‘ਚ ਕੰਮ ਕਰਦੇ ਹਨ। ਅਵੰਤਿਕਾ ਦੀ ਮ੍ਰਿਤਕ ਦੇਹ ਅਜੇ ਭਾਰਤ ਨਹੀਂ ਪਹੁੰਚੀ ਹੈ। ਅੱਜ ਜਾਂ ਕੱਲ੍ਹ ਅਵੰਤਿਕਾ ਦੀ ਮ੍ਰਿਤਕ ਦੇ ਭਾਰਤ ਪਹੁੰਚ ਜਾਵੇਗੀ।