ਆਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਨੇ 6 ਜੁਲਾਈ ਨੂੰ ਜੇਲ੍ਹ ਵਿੱਚ ਮੁਲਾਕਾਤ ਦੌਰਾਨ ਆਪਣੀ ਪਤਨੀ ਕਿਰਨਦੀਪ ਕੌਰ ਨੂੰ ਇੱਕ ਪੱਤਰ ਸੌਂਪਿਆ। ਖ਼ਬਰਾਂ ਹਨ ਕਿ ਇਸ ‘ਚ ਉਸ ਨੇ ਸਿੱਖ ਨੌਜਵਾਨਾਂ ਨੂੰ ਸੰਬੋਧਿਤ ਕੀਤਾ ਹੈ ਤੇ ਇਸ ਚਿੱਠੀ ‘ਤੇ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਉਸਦੇ ਸਾਰੇ ਨੌਂ ਸਾਥੀਆਂ ਦੇ ਦਸਤਖਤ ਵੀ ਹਨ।
ਚਿੱਠੀ ‘ਚ ਉਸ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿੱਖ ਧਾਰਮਿਕ ਸਿਧਾਂਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਮੰਗ ਕੀਤੀ ਕਿ ਹਾਲ ਹੀ ਵਿੱਚ ਅਮਰੀਕਾ ਤੇ ਯੂਨਾਈਟਿਡ ਕਿੰਗਡਮ ਵਿੱਚ ਮਾਰੇ ਗਏ ਖਾਲਿਸਤਾਨੀ ਸਮਰਥਕਾਂ ਨੂੰ ਸ਼ਹੀਦ ਐਲਾਨਿਆ ਜਾਵੇ।
ਅੰਮ੍ਰਿਤਪਾਲ ਸਿੰਘ ਨੇ ਇੱਕ ਵਾਰ ਫਿਰ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸਿੱਖਾਂ ਨੂੰ ਇਸ ਤਰ੍ਹਾਂ ਮਾਰ ਕੇ ਉਨ੍ਹਾਂ ਦੀ ਸਿਆਸੀ ਚੇਤਨਾ ਨੂੰ ਢਾਹ ਨਹੀਂ ਲਗਾ ਸਕਦੀ। ਨਾਲ ਹੀ ਉਸ ਨੇ ਚਿੱਠੀ ‘ਚ ਲਿਖਿਆ ਕਿ ਗੁਰੂ ਸਿਧਾਂਤ ਮੁਤਾਬਕ ਸ਼ਸਤਰ ਚੁੱਕਣਾ ਹੀ ਸਿੱਖਾਂ ਦਾ ਆਖਰੀ ਸਾਧਨ ਹੈ। ਸਿੱਖਾਂ ਲਈ ਗੁਰੂ ਸਾਹਿਬਾਨ ਤੋਂ ਬਿਨਾਂ ਹੋਰ ਕੋਈ ਮੁਕਤੀਦਾਤਾ ਨਹੀਂ ਹੈ ਅਤੇ ਉਨ੍ਹਾਂ ਲਈ ਆਪਣੇ ਰਾਜ ਤੋਂ ਬਿਨਾਂ ਸਿੱਖਾਂ ਦੇ ਕਤਲੇਆਮ ਨੂੰ ਰੋਕਣਾ ਅਸੰਭਵ ਹੈ। ਦੁਨੀਆਂ ਦੀ ਕੋਈ ਵੀ ਤਾਕਤ ਸਿੱਖਾਂ ਦੇ ਚੜ੍ਹਦੇ ਸੂਰਜ ਨੂੰ ਚੜ੍ਹਨ ਤੋਂ ਨਹੀਂ ਰੋਕ ਸਕਦੀ।