ਵੈਸਟਇੰਡੀਜ਼ ਖਿਲਾਫ ਇਸੇ ਮਹੀਨੇ ਖੇਡੀ ਜਾਣ ਵਾਲੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਵਿੱਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਟੀਮ ਦੀ ਕਪਤਾਨੀ ਇੱਕ ਵਾਰ ਫਿਰ ਹਾਰਦਿਕ ਪੰਡਯਾ ਦੇ ਹੱਥਾਂ ਵਿੱਚ ਦਿੱਤੀ ਗਈ ਹੈ। ਟੀ-20 ਟੀਮ ਵਿੱਚ ਯਸ਼ਸਵੀ ਜੈਸਵਾਲ ਨੂੰ ਵੀ ਮੌਕਾ ਦਿੱਤਾ ਗਿਆ ਹੈ।
ਭਾਰਤੀ ਟੀਮ ਨੂੰ ਵੈਸਟਇੰਡੀਜ਼ ਦੇ ਖਿਲਾਫ 5 ਟੀ-20 ਮੈਚਾਂ ਦੀ ਸੀਰੀਜ਼ ਵਿੱਚ ਖੇਡਣਾ ਹੈ। ਇਸ ਦੌਰੇ ਲਈ ਚੋਣਕਾਰਾਂ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਮੌਕੇ ਦੇਣ ਦਾ ਫੈਸਲਾ ਕੀਤਾ ਹੈ। ਨਵੇਂ ਮੁੱਖ ਚੋਣਕਾਰ ਅਜੀਤ ਅਗਰਕਰ ਦੀ ਪ੍ਰਧਾਨਗੀ ਹੇਠ ਚੁਣੀ ਗਈ ਇਹ ਪਹਿਲੀ ਟੀਮ ਹੈ। ਬੀਸੀਸੀਆਈ ਨੇ ਮੰਗਲਵਾਰ ਨੂੰ ਹੀ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਟੀਮ ਵਿੱਚ ਨਵੇਂ ਚਿਹਰਿਆਂ ਦੇ ਤੌਰ ‘ਤੇ ਤਿਲਕ ਵਰਮਾ, ਯਸ਼ਸਵੀ ਜੈਸਵਾਲ ਅਤੇ ਮੁਕੇਸ਼ ਕੁਮਾਰ ਨੂੰ ਜਗ੍ਹਾ ਦਿੱਤੀ ਗਈ ਹੈ । ਸੰਜੂ ਸੈਮਸਨ ਦੀ ਵਾਪਸੀ ਹੋਈ ਹੈ ਜਦਕਿ ਸ਼ੁਭਮਨ ਗਿੱਲ ਅਤੇ ਈਸ਼ਾਨ ਟੀਮ ਵਿੱਚ ਸ਼ਾਮਿਲ ਹਨ।