ਅਮਰੀਕਾ : ਮੈਸੇਚਿਉਸੇਟਸ ਦੇ ਰਹਿਣ ਵਾਲੇ ਪਾਲ ਲਿਟਲ ਦੀ ਕਰੋੜਾਂ ਰੁਪਏ ਦੀ ਲਾਟਰੀ ਨਿਕਲੀ ਪਰ ਉਸ ਨੂੰ ਉਸ ਵੇਲੇ ਵੱਡਾ ਧੱਕਾ ਲੱਗਾ ਜਦੋਂ ਪਤਾ ਲੱਗਾ ਕਿ ਉਹ ਟਿਕਟ ਕੀਤੇ ਗੁਆ ਬੈਠਾ ਹੈ। ਜਾਣਕਾਰੀ ਅਨੁਸਾਰ ਪਾਲ ਲਿਟਲ ਮਕੈਨਿਕ ਹੈ ਅਤੇ ਡੀਜ਼ਲ ਇੰਜਣ ਬਣਾਉਣ ਦਾ ਕੰਮ ਕਰਦਾ ਹੈ। ਜਨਵਰੀ ਵਿਚ, ਉਸ ਨੇ ਇਕ ਲਾਟਰੀ ਟਿਕਟ ਖਰੀਦੀ, ਪਰ ਗ਼ਲਤੀ ਨਾਲ ਇਕ ਠੇਕੇ ’ਤੇ ਗਿਆ ਟਿਕਟ ਛੱਡ ਆਇਆ।
ਉਥੇ ਕੰਮ ਕਰਨ ਵਾਲੀ ਕਲਰਕ ਕਾਰਲੀ ਨੂਨਸ ਨੇ ਟਿਕਟ ਲੁਕਾ ਲਈ। ਪਾਲ ਲਿਟਲ ਨੂੰ ਲੱਗਾ ਕਿ ਉਸ ਦੀ ਲਾਟਰੀ ਵਾਲੀ ਟਿਕਟ ਕੀਤੇ ਡਿੱਗ ਗਈ ਹੈ ਪਰ ਸ਼ਾਮ ਨੂੰ, ਲਾਟਰੀ ਦਫ਼ਤਰ ਤੋਂ ਆਈ ਇਕ ਕਾਲ ਨੇ ਉਸ ਦੇ ਹੋਸ਼ ਉਡਾ ਦਿਤੇ ਕਿਉਂਕਿ ਉਸ ਵਲੋਂ ਖਰੀਦੀ ਟਿਕਟ ’ਤੇ ਉਹ ਇਕ-ਦੋ ਨਹੀਂ ਸਗੋਂ ਕਰੀਬ 25 ਕਰੋੜ ਰੁਪਏ ਜਿੱਤ ਚੁੱਕਾ ਸੀ।
ਬਗ਼ੈਰ ਸਮਾਂ ਖ਼ਰਾਬ ਕੀਤੇ ਪਾਲ ਲਿਟਲ ਉਸ ਸ਼ਰਾਬ ਵਾਲੀ ਦੁਕਾਨ ’ਤੇ ਗਿਆ ਅਤੇ ਟਿਕਟ ਬਾਰੇ ਪੁੱਛਿਆ ਪਰ ਉਥੇ ਮੌਜੂਦ ਕੈਸ਼ੀਅਰ ਨੇ ਟਿਕਟ ਉਸ ਕੋਲ ਹੋਣ ਬਾਰੇ ਸਾਫ਼ ਇਨਕਾਰ ਕਰ ਦਿਤਾ। ਪਾਲ ਦੇ ਉਥੋਂ ਜਾਣ ਮਗਰੋਂ ਕਾਰਲੀ ਨੂਨਸ ਨੇ ਲਾਟਰੀ ਦੇ ਪੈਸੇ ਹਾਸਲ ਕਰਨੇ ਚਾਹੇ ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿਤਾ। ਟਿਕਟ ਫਟੀ ਅਤੇ ਸੜੀ ਹੋਣ ਕਾਰਨ ਅਧਿਕਾਰੀਆਂ ਨੂੰ ਉਸ ਤੇ ਸ਼ੱਕ ਹੋਇਆ ਅਤੇ ਉਸ ਦੀ ਚੋਰੀ ਦਾ ਪਰਦਾਫ਼ਾਸ਼ ਹੋ ਗਿਆ। ਟਿਕਟ ਦੇ ਅਸਲ ਮਾਲਕ ਦੇ ਆਉਣ ’ਤੇ ਕਾਰਲੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ।
ਕੁਝ ਦਿਨ ਪਹਿਲਾਂ ਜਦੋਂ ਲਿਟਲ ਲਾਟਰੀ ਦਫ਼ਤਰ ਪਹੁੰਚਿਆ ਤਾਂ ਉਸ ਨੂੰ 25 ਕਰੋੜ ਦਾ ਚੈੱਕ ਸੌਪਿਆ ਗਿਆ। ਪਾਲ ਲਿਟਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਚੀਜ਼ ਲਈ ਅਫ਼ਸੋਸ ਨਹੀਂ ਹੈ। ਟਿਕਟ ਚੋਰੀ ਕਰਨ ਵਾਲੇ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਜਾਣਦਾ ਹਾਂ ਕਿ ਉਸ ਨੇ ਅਪਣੇ ਆਪ ਨੂੰ ਇਕ ਮੁਸ਼ਕਲ ਸਥਿਤੀ ਵਿਚ ਪਾ ਦਿਤਾ ਹੈ ਪਰ ਉਮੀਦ ਹੈ ਕਿ ਉਹ ਬਿਹਤਰ ਜ਼ਿੰਦਗੀ ਲਈ ਕੁਝ ਕਰੇਗੀ।