ਸ਼ਨੀਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੋਗਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਧਾਰਾ 307 ਤਹਿਤ ਚੱਲ ਰਹੇ ਇੱਕ ਕੇਸ ਵਿੱਚ ਮੋਗਾ ਪੁਲਿਸ ਭਾਰੀ ਸੁਰੱਖਿਆ ਵਿੱਚ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ‘ਚੋਂ ਲੈ ਕੇ ਮੋਗਾ ਅਦਾਲਤ ਵਿੱਚ ਪਹੁੰਚੀ। ਚਾਰਜ ਫਰੇਸ ਕਰਨ ਤੋਂ ਬਾਅਦ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 17 ਜੁਲਾਈ ਤੱਕ ਜੁਡੀਸ਼ੀਅਲ ਰਿਮਾਂਡ ‘ਤੇ ਬਠਿੰਡਾ ਜੇਲ੍ਹ ਭੇਜ ਦਿੱਤਾ ਹੈ।
ਜਾਣੋ ਕੀ ਹੈ ਪੂਰਾ ਮਾਮਲਾ ?
ਤੁਹਾਨੂੰ ਦੱਸ ਦਈਏ ਕਿ 1 ਦਸੰਬਰ 2021 ਨੂੰ ਜੋਧਾ ਅਤੇ ਮੋਨੂੰ ਡਾਗਰ ਨੂੰ ਗੈਂਗਸਟਰ ਗੋਲਡੀ ਬਰਾੜ ਨੇ ਮੋਗਾ ਦੇ ਡਿਪਟੀ ਮੇਅਰ ਦੇ ਭਰਾ ਜਤਿੰਦਰ ਧਮੀਜਾ ਨੂੰ ਗੋਲੀ ਮਾਰਨ ਲਈ ਭੇਜਿਆ ਸੀ। ਗਲਤੀ ਨਾਲ ਦੋਸ਼ੀ ਨੇ ਜਿਤੇਂਦਰ ਧਮੀਜਾ ਨੂੰ ਮਾਰਨ ਦੀ ਬਜਾਏ ਉਸ ਦੇ ਭਰਾ ਸੁਨੀਲ ਧਮੀਜਾ ਤੇ ਉਸ ਦੇ ਬੇਟੇ ਪ੍ਰਥਮ ‘ਤੇ ਹਮਲਾ ਕਰ ਦਿੱਤਾ। ਪਿਸਤੌਲ ਲਾਕ ਹੋ ਜਾਣ ਕਾਰਨ ਮੋਨੂੰ ਗੋਲੀ ਨਹੀਂ ਚਲਾ ਸਕਿਆ, ਜਿਸ ਦੌਰਾਨ ਜੋਧਾ ਨੇ ਪ੍ਰਥਮ ਦੀ ਲੱਤ ‘ਤੇ ਗੋਲੀ ਮਾਰ ਦਿੱਤੀ। ਦੂਜੇ ਪਾਸੇ ਸੁਨੀਲ ਨੇ ਜ਼ਖਮੀ ਹੋਣ ਦੇ ਬਾਵਜੂਦ ਮੋਨੂੰ ਡਾਗਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।
ਹਾਲਾਂਕਿ ਜੋਧਾ ਇਸ ਦੌਰਾਨ ਭੱਜਣ ਵਿੱਚ ਕਾਮਯਾਬ ਹੋ ਗਿਆ। ਦੋਵੇਂ ਹਮਲਾਵਰ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸਬੰਧਤ ਸਨ। ਇਸ ਮਾਮਲੇ ਵਿੱਚ ਮੋਗਾ ਪੁਲਿਸ ਨੇ ਜੋਧਾ ਅਤੇ ਮੋਨੂੰ ਡਾਗਰ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸੇ ਕੇਸ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਂ ਵੀ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਸ਼ਨੀਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ।
ਸ਼ਨੀਵਾਰ ਨੂੰ ਮੋਗਾ ਦੀ ਅਦਾਲਤ ‘ਚ ਹੋਈ ਇਸ ਪੇਸ਼ੀ ਨੂੰ ਲੈ ਕੇ ਮੋਗਾ ਦੇ ਐਸਐਸਪੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਤੋਂ ਲਿਆ ਕੇ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿੱਚ ਲਾਰੈਂਸ ਦੇ ਸਾਥੀ ਮੋਨੂੰ ਡਾਗਰ ਅਤੇ ਇੱਕ ਸਾਥੀ ਨੂੰ ਪੇਸ਼ ਕੀਤਾ ਜਾਵੇਗਾ।