ਪੈਰਿਸ : ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਨੈਨਟੇਰੇ ਉਪਨਗਰ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਇਕ ਪੁਲਸ ਕਰਮਚਾਰੀ ਨੇ ਕਾਰ ਚਾਲਕ ਨੇਹੇਲ ਐਮ (17) ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਤੋਂ ਬਾਅਦ ਸ਼ੁਰੂ ਹੋਏ ਹਿੰਸਕ ਪ੍ਰਦਰਸ਼ਨ ਤੀਜੇ ਦਿਨ ਵੀ ਜਾਰੀ ਰਹੇ ਅਤੇ ਦੇਸ਼ ਭਰ ਵਿਚ ਹਰ ਪਾਸੇ ਅੱਗਜ਼ਨੀ ਦਿਖਾਈ ਦੇ ਰਹੀ ਹੈ। ਦੇਸ਼ ਦੇ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉਤਰ ਆਏ ਹਨ। ਮ੍ਰਿਤਕ ਦੀ ਮਾਂ ਦੀ ਅਗਵਾਈ ‘ਚ ਕੱਢਿਆ ਗਿਆ ਮਾਰਚ ਵੀਰਵਾਰ ਦੁਪਹਿਰ ਨੂੰ ਹਿੰਸਕ ਹੋ ਗਿਆ। ਦੇਸ਼ ਭਰ ਵਿੱਚ ਹਿੰਸਾ ਦੇ ਤੀਜੇ ਦਿਨ, ਲਿਲੀ ਅਤੇ ਮਾਰਸੇਲ ਵਿੱਚ ਰਾਤੋ ਰਾਤ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਨੈਨਟੇਰੇ ਸ਼ਹਿਰ ਵਿਚ ਇਕ ਇਮਾਰਤ ਦੀ ਜ਼ਮੀਨੀ ਮੰਜ਼ਿਲ ‘ਤੇ ਸਥਿਤ ਇਕ ਬੈਂਕ ਵਿਚ ਭਿਆਨਕ ਅੱਗ ਲੱਗ ਗਈ। ਸੋਸ਼ਲ ਮੀਡੀਆ ‘ਤੇ ਦਿਖਾਈਆਂ ਜਾ ਰਹੀਆਂ ਵੀਡੀਓਜ਼ ਅਤੇ ਤਸਵੀਰਾਂ ‘ਚ ਕਈ ਥਾਵਾਂ ‘ਤੇ ਅੱਗ ਦੀਆਂ ਲਪਟਾਂ ਵੀ ਦਿਖਾਈ ਦੇ ਰਹੀਆਂ ਹਨ। ਪੈਰਿਸ ਅਤੇ ਵਿਆਪਕ ਖੇਤਰ ਵਿੱਚ ਹਿੰਸਾ ਦੇ ਮੱਦੇਨਜ਼ਰ ਸਥਾਨਕ ਸਮੇਂ ਅਨੁਸਾਰ 21:00 ਵਜੇ (19:00 GMT) ਬੱਸ ਅਤੇ ਟਰਾਮ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਕੁਝ ਉਪਨਗਰਾਂ ਨੇ ਰਾਤ ਦੇ ਕਰਫਿਊ ਦਾ ਐਲਾਨ ਕੀਤਾ ਹੈ। ਫਰਾਂਸ ਦੀ ਪ੍ਰਧਾਨ ਮੰਤਰੀ ਐਲੀਜ਼ਾਬੇਥ ਬੋਰਨ ਨੇ ਕਿਹਾ ਕਿ ਉਹ ਕਿਸ਼ੋਰ ਦੀ ਮੌਤ ‘ਤੇ ਭਾਵਨਾਵਾਂ ਨੂੰ ਸਮਝਦੀ ਹੈ, ਪਰ ਦੰਗਿਆਂ ਦੀ ਨਿੰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਹਿੰਸਾ ਨੂੰ ਕੋਈ ਵੀ ਜਾਇਜ਼ ਨਹੀਂ ਠਹਿਰਾ ਸਕਦਾ।