ਵਾਸ਼ਿੰਗਟਨ – ਮਸ਼ਹੂਰ ਅਫ਼ਰੀਕੀ-ਅਮਰੀਕਨ ਅਭਿਨੇਤਰੀ ਅਤੇ ਗਾਇਕਾ ਮੈਰੀ ਮਿਲਬੇਨ ਨੇ ਵਾਸ਼ਿੰਗਟਨ, ਡੀ.ਸੀ. ਵਿਚ ਰੋਨਾਲਡ ਰੀਗਨ ਬਿਲਡਿੰਗ ਵਿਚ ਭਾਰਤ ਦਾ ਰਾਸ਼ਟਰੀ ਗੀਤ ਗਾਇਆ ਜਿਸ ਨਾਲ ਸਾਰੇ ਭਾਰਤੀ ਉਸ ਦੀ ਤਾਰੀਫ਼ ਕਰ ਰਹੇ ਹਨ, ਉੱਥੇ ਹੀ ਉਸ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ‘ਜਨ ਗਣ ਮਨ’ ਗਾਉਣ ਮਗਰੋਂ ਮੈਰੀ ਨੇ ਪੀ.ਐੱਮ. ਮੋਦੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਮੈਰੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਪੀ.ਐੱਮ. ਮੋਦੀ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ, “ਮੈਂ ਇੱਥੇ ਆ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਪ੍ਰਧਾਨ ਮੰਤਰੀ ਸ਼ਾਨਦਾਰ ਅਤੇ ਦਿਆਲੂ ਵਿਅਕਤੀ ਹਨ। ਇਸ ਹਫ਼ਤੇ ਉਨ੍ਹਾਂ ਦੇ ਸੂਬੇ ਦੇ ਦੌਰੇ ਦਾ ਹਿੱਸਾ ਬਣਨਾ ਮੇਰੇ ਲਈ ਸਨਮਾਨ ਦੀ ਗੱਲ ਸੀ। ਮੈਨੂੰ ਰੋਨਾਲਡ ਰੀਗਨ ਸੈਂਟਰ ਵਿਚ ਵੱਡੀ ਗਿਣਤੀ ਵਿਚ ਮੌਜੂਦ ਭਾਰਤੀ ਪ੍ਰਵਾਸੀਆਂ ਨੂੰ ਰਾਸ਼ਟਰੀ ਗੀਤ ਗਾਉਂਦੇ ਸੁਣਨਾ ਚੰਗਾ ਲੱਗਿਆ। ਤੁਸੀਂ ਉਨ੍ਹਾਂ ਦੀਆਂ ਸਾਰੀਆਂ ਆਵਾਜ਼ਾਂ ਵਿਚ ਜਨੂੰਨ ਸੁਣ ਸਕਦੇ ਹੋ। ਅੱਜ ਰਾਤ ਇੱਥੇ ਆਉਣਾ ਇਕ ਬਹੁਤ ਵੱਡਾ ਸਨਮਾਨ ਹੈ।” ਦੱਸ ਦਈਏ ਕਿ ਹਾਲ ਹੀ ਵਿਚ ਮੈਰੀ ਨੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਪੀ.ਐੱਮ. ਮੋਦੀ ਨਾਲ ਯੋਗਾ ਕੀਤਾ ਸੀ।