ਮੋਗਾ ਦੇ ਬੱਧਨੀ ਕਲਾਂ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਪੁਲਿਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਪੁਲਿਸ ਮੁਤਾਬਕ ਕਿੰਦਾ ਨੇ ਖੁਦ ਆਪਣੀ ਮਾਂ ‘ਤੇ ਹਮਲਾ ਕੀਤਾ ਅਤੇ ਫਿਰ ਵੀਡੀਓ ਵਾਇਰਲ ਕਰ ਦਿੱਤੀ। ਕੁਲਵਿੰਦਰ ਨੂੰ ਆਪਣੀ ਮਾਂ ਦੇ ਚਰਿੱਤਰ ‘ਤੇ ਸ਼ੱਕ ਸੀ, ਇਸ ਲਈ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਵੀਰਵਾਰ ਨੂੰ ਮੋਗਾ ਦੇ ਬੱਧਨੀ ਕਲਾਂ ‘ਚ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਕਰ ਕੇ ਕੁਝ ਲੋਕਾਂ ‘ਤੇ ਉਸ ਦੇ ਘਰ ਹਮਲਾ ਕਰਕੇ ਉਸ ਦੀ ਮਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਦਾ ਦੋਸ਼ ਲਗਾਇਆ ਸੀ। ਹੁਣ ਇਸ ਮਾਮਲੇ ਵਿੱਚ ਇੱਕ ਸਨਸਨੀਖੇਜ਼ ਖੁਲਾਸਾ ਹੋਇਆ ਹੈ।
ਪੁਲਿਸ ਨੇ ਦੱਸਿਆ ਕਿ ਕਿੰਦਾ ਨੇ ਖੁਦ ਆਪਣੀ ਮਾਂ ‘ਤੇ ਹਮਲਾ ਕੀਤਾ ਹੈ। ਉਹ ਘਰ ਦੇ ਨੇੜੇ ਮੀਟ ਦੀ ਦੁਕਾਨ ਤੋਂ ਮੀਟ ਕੱਟਣ ਲਈ ਤੇਜ਼ਧਾਰ ਚਾਕੂ ਲੈ ਕੇ ਆਇਆ ਸੀ। ਦੁਸ਼ਮਣੀ ਕੱਢਣ ਲਈ ਉਸ ਨੇ ਵੀਡੀਓ ਵਾਇਰਲ ਕਰ ਦਿੱਤੀ ਅਤੇ ਕੁਝ ਲੋਕਾਂ ਦੇ ਨਾਂ ਲਏ। ਜਦੋਂ ਪੁਲਿਸ ਨੇ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ ਤਾਂ ਕੁਝ ਵੀ ਸਾਹਮਣੇ ਨਹੀਂ ਆਇਆ ਕਿ ਕਿਸੇ ਨੇ ਉਸ ਦੇ ਘਰ ‘ਤੇ ਹਮਲਾ ਕੀਤਾ ਹੈ। ਪੁਲਿਸ ਨੇ ਕੁਲਵਿੰਦਰ ਨੂੰ ਆਪਣੇ ਘਰ ਵੱਲ ਭੱਜਦੇ ਹੋਏ ਦੇਖਿਆ।