ਨਵੀਂ ਦਿੱਲੀ : ਸਵਿਸ ਬੈਂਕਾਂ ‘ਚ ਰਖਿਆ ਭਾਰਤੀ ਨਿਵਾਸੀਆਂ ਅਤੇ ਕੰਪਨੀਆਂ ਦਾ ਪੈਸਾ ਪਿਛਲੇ ਸਾਲ 11 ਫ਼ੀ ਸਦੀ ਘੱਟ ਕੇ 3.42 ਅਰਬ ਸਵਿਸ ਫਰੈਂਕ (ਕਰੀਬ 30,000 ਕਰੋੜ ਰੁਪਏ) ਰਹਿ ਗਿਆ। ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਵਿਸ ਕੇਂਦਰੀ ਬੈਂਕ ਐਸ.ਐਨ.ਬੀ. ਦੇ ਅੰਕੜਿਆਂ ਮੁਤਾਬਕ ਸਾਲ 2022 ‘ਚ ਸਵਿਸ ਬੈਂਕਾਂ ‘ਚ ਰੱਖੇ ਗਏ ਭਾਰਤੀ ਗਾਹਕਾਂ ਦਾ ਕੁੱਲ ਧਨ 11 ਫ਼ੀ ਸਦੀ ਘਟ ਕੇ 3.42 ਅਰਬ ਫਰੈਂਕ ਰਹਿ ਗਿਆ ਹੈ।
ਇਸ ਤੋਂ ਇਕ ਸਾਲ ਪਹਿਲਾਂ, 2021 ਵਿਚ, ਭਾਰਤੀ ਗਾਹਕਾਂ ਨੇ ਸਵਿਸ ਬੈਂਕਾਂ ਵਿਚ 3.83 ਬਿਲੀਅਨ ਸਵਿਸ ਫਰੈਂਕ ਦੀ ਰਕਮ ਰੱਖੀ ਸੀ, ਜੋ ਕਿ 14 ਸਾਲਾਂ ਵਿਚ ਸਭ ਤੋਂ ਵੱਧ ਸੀ। ਇਸ ਤੋਂ ਇਲਾਵਾ ਸਵਿਸ ਬੈਂਕਾਂ ‘ਚ ਭਾਰਤੀਆਂ ਵਲੋਂ ਜਮ੍ਹਾ ਰਾਸ਼ੀ ਵੀ ਪਿਛਲੇ ਸਾਲ ਕਰੀਬ 34 ਫ਼ੀ ਸਦੀ ਘੱਟ ਕੇ 394 ਮਿਲੀਅਨ ਫਰੈਂਕ ਰਹਿ ਗਈ। ਇਸ ਤੋਂ ਪਹਿਲਾਂ, 2021 ਵਿਚ, ਇਹ 602 ਮਿਲੀਅਨ ਫਰੈਂਕ ਦੇ ਸੱਤ ਸਾਲਾਂ ਦੇ ਉੱਚੇ ਪੱਧਰ ‘ਤੇ ਸੀ।
ਸਵਿਸ ਬੈਂਕਾਂ ਵਲੋਂ ਸਵਿਸ ਨੈਸ਼ਨਲ ਬੈਂਕ (ਐਸ.ਐਨ.ਬੀ.) ਨੂੰ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਆਧਾਰ ‘ਤੇ ਜਾਰੀ ਕੀਤੇ ਗਏ ਅੰਕੜਿਆਂ ‘ਚ ਭਾਰਤੀ ਖਾਤਾਧਾਰਕਾਂ ਵਲੋਂ ਜਮ੍ਹਾ ਕਥਿਤ ਕਾਲੇ ਧਨ ਦਾ ਕੋਈ ਜ਼ਿਕਰ ਨਹੀਂ ਹੈ। ਇਨ੍ਹਾਂ ਅੰਕੜਿਆਂ ਵਿਚ ਤੀਜੇ ਦੇਸ਼ਾਂ ਨਾਲ ਸਬੰਧਤ ਫਰਮਾਂ ਦੇ ਨਾਂ ‘ਤੇ ਸਵਿਸ ਬੈਂਕਾਂ ਵਿਚ ਜਮ੍ਹਾ ਰਾਸ਼ੀ ਵੀ ਸ਼ਾਮਲ ਨਹੀਂ ਹੈ।