ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਵੱਡਾ ਬਿਆਨ ਦਿੱਤਾ ਹੈ। ਦੱਸ ਦਈਏ ਕਿ ਬੀਤ ਦਿਨੀਂ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੂੰ ਐਲਾਨਿਆ ਗਿਆ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਸਵਾਲ ਦੇ ਜਵਾਬ ਦਿੰਦਿਆਂ ਕਈ ਵੱਡੇ ਖੁਲਾਸੇ ਕੀਤੇ।
ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫੰਰਸ ਦੌਰਾਨ ਸਾਬਕਾ ਜਥੇਦਾਰ ਸਾਹਬ ਨੂੰ ਸਵਾਲ ਕੀਤਾ ਗਿਆ ਕਿ ਕੀ ਤੁਹਾਡਾ ਅਸਤੀਫ਼ਾ ਲਿਆ ਗਿਆ ਹੈ ਜਾਂ ਤੁਸੀਂ ਆਪ ਅਹੁਦਾ ਛੱਡਿਆ ਹੈ ਜਾਂ ਫਿਰ ਤੁਹਾਡੇ ‘ਤੇ ਕੋਈ ਦਬਾਅ ਪਾਇਆ ਗਿਆ ਸੀ। ਇਸ ਸਵਾਲ ਦੇ ਜਵਾਬ ‘ਚ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਇੱਕ ਪੁਰਾਣੀ ਇੰਟਰਵੀਊ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇੰਗਲੈਂਡ ਵਿੱਚ ਮੈਂ ਇੱਕ ਚੈਨਲ ਨੂੰ ਇੰਟਰਵੀਊ ਦਿੱਤਾ ਸੀ ਜਿਸ ਵਿੱਚ ਮੈਂ ਇਹ ਕਿਹਾ ਸੀ ਕਿ ਜਦੋਂ ਮੇਰੇ ‘ਤੇ ਸਿਆਸੀ ਦਬਾਅ ਪਾਇਆ ਜਾਵੇਗਾ ਤਾਂ ਮੈਂ ਉਦੋਂ ਆਪ ਹੀ ਘਰ ਚੱਲ ਜਾਵਾਗਾਂ।”
ਜਥੇਦਾਰ ਸਾਹਬ ਨੇ ਅੱਗੇ ਕਿਹਾ ਕਿ “ਮੈਂ ਆਪਣੀ ਇੱਛਾ ਮੁਤਾਬਕ ਹੀ ਅਸਤੀਫ਼ਾ ਦਿੱਤਾ ਹੈ। ਮੈਂ ਆਸਟਰੇਲੀਆ ਜਾਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਦੋਵੇਂ ਤਖ਼ਤਾਂ ਤੋਂ ਸੇਵਾਮੁਕਤ ਕਰਨ ਲਈ ਕਿਹਾ ਸੀ, ਪਰ ਸ਼੍ਰੋਮਣੀ ਕਮੇਟੀ ਨੇ ਮੇਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਜਾਰੀ ਰੱਖੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਵੀ ਇਹੀ ਚਾਹੁੰਦਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਕਾ ਜਥੇਦਾਰ ਮਿਲੇ।”