ਫਿਲਮ ਆਦਿਪੁਰਸ਼ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਖਿਲਾਫ ਅੰਮ੍ਰਿਤਸਰ ਦੀ ਅਦਾਲਤ ‘ਚ ਕੇਸ ਦਾਇਰ ਕੀਤਾ ਗਿਆ ਹੈ।
ਦੱਸ ਦਈਏ ਕਿ ਭਗਵਾਨ ਵਾਲਮੀਕਿ ਵੀਰ ਸੈਨਾ ਦੇ ਪੰਜਾਬ ਮੁਖੀ ਹੇਮ ਪ੍ਰਕਾਸ਼ ਨੇ ਐਡਵੋਕੇਟ ਸਾਈ ਕਿਰਨ ਪਰਿੰਜਾ ਅਤੇ ਐਡਵੋਕੇਟ ਪ੍ਰਵੀਨ ਕੁਮਾਰ ਟੰਡਨ ਰਾਹੀਂ ਇਹ ਕੇਸ ਦਰਜ ਕਰਵਾਇਆ ਹੈ। ਹੇਮ ਪ੍ਰਕਾਸ਼ ਨੇ ਦੱਸਿਆ ਕਿ ਫਿਲਮ ਨਿਰਮਾਤਾ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਨਿਰਦੇਸ਼ਕ ਓਮ ਰਾਉਤ, ਸੰਵਾਦ ਲੇਖਕ ਮਨੋਜ ਮੁੰਤਸ਼ੀਰ, ਐਕਟਰ ਪ੍ਰਭਾਸ ਅਤੇ ਕ੍ਰਿਤੀ ਸੈਨਨ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਕਿਹਾ ਕਿ ਆਦਿਪੁਰਸ਼ ਫਿਲਮ ਵਿੱਚ ਭਗਵਾਨ ਸ਼੍ਰੀ ਵਾਲਮੀਕਿ ਵਲੋਂ ਰਚਿਤ ਰਾਮਾਇਣ ਨਾਲ ਛੇੜਛਾੜ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਵਿੱਚ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਫਿਲਮ ਦੀ ਸਟਾਰ ਕਾਸਟ ਅਤੇ ਨਿਰਮਾਤਾ ਨਿਰਦੇਸ਼ਕ ਪਵਿੱਤਰ ਰਾਮਾਇਣ ਦੇ ਕਿਰਦਾਰਾਂ ਨਾਲ ਛੇੜਛਾੜ ਦੇ ਦੋਸ਼ੀ ਹਨ।
ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਅਸੀਂ ਅਦਾਲਤ ਵਿੱਚ ਜਾਣ ਲਈ ਮਜਬੂਰ ਹਾਂ। ਇਸ ਮੌਕੇ ਰਾਸ਼ਟਰੀ ਗਊ ਸੁਰੱਖਿਆ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਡਾ: ਰੋਹਨ ਮਹਿਰਾ ਆਦਿ ਵੀ ਮੌਕ ‘ਤੇ ਹਾਜ਼ਰ ਰਹੇ|