ਕੈਲਗਰੀ- ਅਦਾਰਾ ਦੇਸ ਪੰਜਾਬ ਟਾਈਮਜ਼ ਵਲੋਂ ਕੈਲਗਰੀ ਦੀ ਪ੍ਰੇਰੀ ਵਿੰਡ ਦੀਆਂ ਖੁੱਲੀਆਂ ਗਰਾਊਂਡਾਂ ਵਿਚ ਕਰਵਾਇਆ 22ਵਾਂ ‘ਗ਼ਦਰੀ ਬਾਬਿਆਂ ਦਾ ਮੇਲਾ’ ਅਮਿੱਟ ਯਾਦਾਂ ਛੱਡਦਾ ਹੋਇਆ 31 ਜੁਲਾਈ ਨੂੰ ਸਮਾਪਤ ਹੋ ਗਿਆ। ਹਰ ਸਾਲ ਕਰਵਾਇਆ ਜਾਣ ਵਾਲਾ ਇਹ ਮੇਲਾ ਇਸ ਸਾਲ 29, 30 ਅਤੇ 31 ਜੁਲਾਈ ਨੂੰ ਸੰਪਨ ਹੋਇਆ। ਮੇਲੇ ਦੇ ਬਾਨੀ ਅਤੇ ਮੁਖ ਪ੍ਰਬੰਧਕ ਸ. ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ ਨੇ ਮੇਲੇ ਦੀ ਸਫਲਤਾ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਸਹਿਯੋਗੀਆਂ, ਵਲੰਟੀਅਰਜ਼ ਅਤੇ ਕੈਲਗਰੀ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਇਸ ਸਾਲ ਦਾ ‘ਗ਼ਦਰੀ ਬਾਬਿਆਂ ਦਾ ਮੇਲਾ’ ਬਹੁਤ ਸਫਲ ਰਿਹਾ। ਵੱਡੀ ਗਿਣਤੀ ਵਿਚ ਕੈਲਗਰੀ ਤੋਂ ਇਲਾਵਾ ਕੈਨੇਡਾ ਭਰ ਤੋਂ ਲੋਕ ਇਸ ਮੇਲੇ ਵਿਚ ਸ਼ਾਮਿਲ ਹੋਏ। ਕਾਵਿ ਦਰਬਾਰ, ਮੇਲਾ ਮਾਵਾਂ ਧੀਆਂ ਦਾ ਅਤੇ ਖੁੱਲ੍ਹਾ ਅਖਾੜਾ ਦਾ ਆਯੋਜਨ ਸਫਲ ਰਿਹਾ। ਸ. ਬ੍ਰਹਮ ਪ੍ਰਕਾਸ਼ ਲੁੱਡੂ ਨੇ ਕਿਹਾ ਕਿ ਅਸੀਂ ਡਾ. ਸਵੈਮਾਨ ਸਿੰਘ, ਸ. ਕੁਲਦੀਪ ਸਿੰਘ ਅਤੇ ਸੁਰਿੰਦਰ ਗੀਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਮੇਲੇ ਵਿਚ ਸ਼ਮੂਲੀਅਤ ਕੀਤੀ। ਮੇਲੇ ਵਿਚ ਸੁਰਿੰਦਰ ਗੀਤ ਨੂੰ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਸ. ਲੁੱਡੂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇ ਵਿਚ ਵੀ ਲੋਕ ਇਸੇ ਤਰ੍ਹਾਂ ਸਾਨੂੰ ਆਪਣਾ ਕੀਮਤੀ ਸਹਿਯੋਗ ਦਿੰਦੇ ਰਹਿਣਗੇ ਅਤੇ ਅਸੀਂ ਵਾਅਦਾ ਕਰਦੇ ਹਾਂ ਕਿ ਇਸੇ ਤਰ੍ਹਾਂ ਹਰ ਸਾਲ ਗ਼ਦਰੀ ਬਾਬਿਆਂ ਦੀ ਯਾਦ ਵਿਚ ਮੇਲਾ ਕਰਵਾਉਂਦੇ ਰਹਾਂਗੇ।