ਜਲੰਧਰ (ਪਰਮਜੀਤ ਸਿੰਘ ): ਗੁਰਦੁਆਰਾ ਧੰਨ-ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ ਸਾਹਿਬ ਵਿਖੇ ਚੱਲ ਰਿਹਾ 72ਵਾਂ ਸਾਲਾਨਾ ਜੋੜ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ । ਇਲਾਕਾ ਵਾਸੀਆਂ, ਦੇਸ਼-ਵਿਦੇਸ਼ ਦੀ ਸੰਗਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਤੇ ਰਿਸੀਵਰ ਨਾਇਬ ਤਹਿਸੀਲਦਾਰ ਆਦਮਪੁਰ ਓਂਕਾਰ ਸਿੰਘ ਸੰਘਾ ਦੀ ਯੋਗ ਅਗਵਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋੜ ਮੇਲੇ ਦੌਰਾਨ ਖੇਡ ਮੁਕਾਬਲੇ, ਫ੍ਰੀ ਮੈਡੀਕਲ ਜਾਂਚ ਕੈਂਪ ਤੇ ਖੂਨਦਾਨ ਕੈਂਪ ਲਾਇਆ ਗਿਆ। ਜੋੜ ਮੇਲੇ ਦੇ ਤੀਜੇ ਤੇ ਆਖਰੀ ਦਿਨ ਕੜਕਦੀ ਗਰਮੀ ਦੇ ਬਾਵਜੂਦ ਸ਼ਰਧਾ ਦੇ ਸਾਗਰ ‘ਚ ਸਰਾਬੋਰ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਗੁਰੂਘਰ ਵਿਖੇ ਪਹੁੰਚ ਕੇ ਨਤਮਸਤਕ ਹੋਏ ਤੇ ਧੰਨ-ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਰਾਪਤ ਕੀਤਾ। ਇਲਾਕੇ ਭਰ ਤੋਂ ਵੱਖ-ਵੱਖ ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ ਤੇ ਨੌਜਵਾਨ ਸੇਵਾਦਾਰਾਂ ਵੱਲੋਂ ਗੁਰੂ ਘਰ ਆਈ ਸੰਗਤ ਲਈ ਠੰਢੇ ਮਿੱਠੇ ਜਲ ਦੀ ਛਬੀਲਾਂ, ਕੋਲਡ ਡਰਿੰਕ, ਆਈਸ ਕ੍ਰੀਮ ਤੇ ਭਾਂਤ-ਭਾਂਤ ਦੇ ਲੰਗਰ ਲਾਏ ਗਏ।