ਸਿੱਖ ਇਤਿਹਾਸ ਵਿਚ ਸਾਕਾ ਗੁਰਦੁਆਰਾ ਪਾਉਂਟਾ ਸਾਹਿਬ 22 ਮਈ1964 ਦਾ ਮਹੱਤਵ

ਡਾ.ਚਰਨਜੀਤ ਸਿੰਘ ਗੁਮਟਾਲਾ 91 9417533060 ,ਗੁਮਟੳਲੳਚਸੑਗਮੳਲਿ.ਚੋਮ

ਪਾਉਂਟਾ ਸਾਹਿਬ ਇੱਕ ਇਹੋ ਜਿਹਾ ਪਵਿੱਤਰ ਸਥਾਨ ਹੈ, ਜਿਥੇ ਆਨੰਦਪੁਰ ਸਾਹਿਬ ਤੋਂ ਪਿੱਛੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1685 ਤੋਂ 1689 ਤੱਕ ਲਗਭਗ ਚਾਰ ਸਾਲ ਨਿਵਾਸ ਕੀਤਾ। ਡਾ. ਸੁਖਦਿਆਲ ਸਿੰਘ ਨੇ ਆਪਣੀ ਪੁਸਤਕ ਪੰਜਾਬ ਦਾ ਇਤਿਹਾਸ ਵਿਚ ਗੁਰੂ ਕੀਆਂ ਸਾਖੀਆਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਗੁਰੂ ਜੀ 1685 ਈ.ਨੂੰ ਵਿਸਾਖ ਮਹੀਨੇ ਦੇ ਅਖੀਰ ਵਿਚ ਪਾਉਂਦਾ ਸਾਹਿਬ ਪਹੁੰਚੇ।ਜੇਠ ਮਹੀਨੇ ਦੀ ਸੰਗਰਾਂਦ ਨੂੰ ਦੀਵਾਨ ਨੰਦ ਚੰਦ ਨੇ ਅਰਦਾਸ ਕੀਤੀ ਅਤੇ ਭਾਈ ਰਾਮ ਕੋਇਰ ਨੇ ਆਪਣੇ ਹੱਥਾਂ ਨਾਲ ਨਵੇਂ ਮਕਾਨ ਦੀ ਨੀਂਹ ਰਖੀ।ਕੁਝ ਮਹੀਨਿਆਂ ਵਿਚ ਹੀ ਰਿਹਾਇਸ਼ੀ ਮਕਾਨ ਉਸਾਰ ਦਿੱਤੇ ਗਏ।ਇਹ ਮਕਾਨ ਕਿਲਾ- ਨੁਮਾ ਸਨ। ਕੁਝ ਲੇਖਕਾਂ ਇੱਥੇ ਕਿੱਲਾ ਉਸਾਰਨ ਦੀ ਗੱਲ ਲਿਖੀ ਹੈ ਪਰ ਉਹ ਇਸ ਵਿਚਾਰ ਨਾਲ ਸਹਿਮਤ ਨਹੀਂ । ਉਨ੍ਹਾਂ ਅਨੁਸਾਰ ਅਜਕਲ ਇੱਥੇ ਕਿਲੇ ਦੇ ਕੋਈ ਨਿਸ਼ਾਨ ਨਹੀਂ ਹਨ ਅਤੇ ਨਾ ਹੀ ਕਿਲਾ ਢਹਿ ਜਾਣ ਕਰਕੇ ਕੋਈ ਥੇਹ ਦੇ ਨਿਸ਼ਾਨ ਹਨ।ਜੇ ਇੱਥੇ ਕਿਲਾ ਹੁੰਦਾ ਤਾਂ ਉਸ ਦੇ ਢਹਿ ਜਾਣ ਨਾਲ ਉਸ ਨੇ ਥੇਹ ਦਾ ਰੂਪ ਲੈ ਲੈਣਾ ਸੀ।ਜਿੱਥੋਂ ਤੀਕ ਭੰਗਾਣੀ ਦੇ ਯੁੱਧ ਦਾ ਸਬੰਧ ਹੈ ਉਹ ਇਸ ਜਗਾਹ ਤੋਂ ਕੋਈ 7 ਮੀਲ ਦੀ ਦੂਰੀ ‘ਤੇ ਲੜਿਆ ਗਿਆ ਸੀ।ਮੌਜੂਦਾ ਗੁਰਦੁਆਰਾ ਜਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਉਸ ਸਮੇਂ ਸਰਦਾਰ ਸਾਹਿਬ ਸਿੰਘ ਸੰਧਾਵਾਲੀਆ ਨੇ ਬਾਬਾ ਕਪੂਰ ਸਿੰਘ ਤੋਂ ਮਾਇਕ ਸਹਾਇਤਾ ਲੈ ਕੇ ਇਹ ਰਮਣੀਕ ਥਾਂ ਜਮਨਾ ਦਾ ਕੰਢਾ ਬਹੁਤ ਹੀ ਮਨਮੋਹਕ ਦ੍ਰਿਸ਼ ਅਤੇ ਕੁਦਰਤ ਦੀਆਂ ਬਖਸ਼ਿਸ਼ਾਂ ਨਾਲ ਭਰਪੂਰ ਹੈ।ਇੱਥੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ 11ਫਰਵਰੀ 1687 ਈ. ਨੂੰ ਹੋਇਆ।ਇਸੇ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਨੇ 52 ਕਵੀ ਰੱਖ ਕੇ ਕੋਮਲ ਹੁਨਰ ਤੇ ਸਾਹਿਤ ਰਚ ਕੇ ਉਸ ਦਾ ਸਤਿਕਾਰ ਕਰਨਾ ਸਿਖਾਇਆ। ਇਸੇ ਜਗ੍ਹਾ ਤੇ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਚਾਰ ਬੇਟੇ ਬਾਈਧਾਰ ਦੇ ਰਾਜਿਆਂ ਨਾਲ ਭੰਗਾਣੀ ਦੇ ਯੁੱਧ ਸਮੇਂ ਗੁਰੂ ਜੀ ਤੋਂ ਕੁਰਬਾਨ ਕੀਤੇ। ਪੀਰ ਬੁੱਧੂ ਸ਼ਾਹ ਜਦੋਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਤਾਂ ਗੁਰੂ ਸਾਹਿਬ ਉਸ ਸਮੇਂ ਕੇਸਾਂ ਵਿੱਚ ਕੰਘਾ ਕਰ ਰਹੇ ਸਨ। ਗੁਰੂ ਸਾਹਿਬ ਤੋਂ ਕੰਘੇ ਵਿੱਚ ਅੜੇ ਕੇਸਾਂ ਸਮੇਤ ਕੰਘੇ ਦੀ ਦਾਤ ਮੰਗੀ ਤੇ ਗੁਰੂ ਜੀ ਨੇ ਆਪਣੇ ਸੇਵਕ ਦੀ ਮੰਗ ਪੂਰੀ ਕੀਤੀ। ਗੁਰੂ ਜੀ ਇਸ ਪਵਿੱਤਰ ਜਗ੍ਹਾ ਤੇ ਕਵੀ ਦਰਬਾਰ, ਕੀਰਤਨ ਦਰਬਾਰ ਅਤੇ ਦਸਤਾਰ ਮੁਕਾਬਲੇ ਕਰਾਉਂਦੇ ਰਹੇ।ਭੰਗਾਣੀ ਦੇ ਯੁੱਧ ਤੋਂ ਬਾਦ ਜਦ ਗੁਰੂ ਜੀ ਵਾਪਿਸ ਆਨੰਦਪੁਰ ਸਾਹਿਬ ਗਏ ਤਾਂ ਏਥੋਂ ਦਾ ਪ੍ਰਬੰਧ ਬਾਬਾ ਬਿਸ਼ਨ ਸਿੰਘ ਨੂੰ ਸੌਂਪ ਦਿੱਤਾ। ਉਨ੍ਹਾਂ ਤੋਂ ਬਾਦ ਇਸ ਸਥਾਨ ਦਾ ਪ੍ਰਬੰਧ ਮਹੰਤਾਂ ਕੋਲ ਆ ਗਿਆ।

ਗੁਰਦੁਆਰਾ ਸੁਧਾਰ ਲਹਿਰ ਸਮੇਂ ਗੁਰਦੁਆਰਾ ਪਾਉਂਟਾ ਸਾਹਿਬ ਦਾ ਮਹੰਤ ਲਹਿਣਾ ਸਿੰਘ, ਆਪ ਚਾਬੀਆਂ ਲੈ ਕੇ ਅੰਮ੍ਰਿਤਸਰ ਪੁੱਜੇ। ਪੰਥ ਨੇ ਮਹੰਤ ਜੀ ਦੀ ਕੁਰਬਾਨੀ ਤੇ ਨਿਮਰਤਾ ਦੇਖ ਕੇ ਉਨ੍ਹਾਂ ਨੂੰ ਸੇਵਾ-ਸੰਭਾਲ ਦਾ ਕੰਮ ਸੌਂਪੀ ਰੱਖਣ ਦਾ ਵੱਖਰਾ ਮਤਾ ਪਾਸ ਕਰ ਦਿੱਤਾ। ਮਹੰਤ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੁਰਦਿਆਲ ਸਿੰਘ ਨੇ ਗੁਰਦੁਆਰੇ ‘ਤੇ ਆਪਣਾ ਹੱਕ ਸਮਝਦੇ ਹੋਏ ਕਬਜ਼ਾ ਕਰ ਲਿਆ ਅਤੇ ਆਪਣੇ ਇੱਕ ਰਿਸ਼ਤੇਦਾਰ ਮੂਲਾ ਸਿੰਘ ਰਾਹੀਂ ਲੀਡਰਾਂ ਤਕ ਪਹੁੰਚ ਬਣਾ ਲਈ ਸੀ। ਸਰਕਾਰੇ-ਦਰਬਾਰੇ ਅਫ਼ਸਰਾਂ ਨਾਲ ਉਸ ਦਾ ਚੰਗਾ ਰਸੂਖ ਸੀ, ਜਿਸ ਕਰਕੇ ਉਹ ਸਰਕਾਰ ਦੀ ਸ਼ਹਿ ਤੇ ਮਨਮੱਤੀਆਂ ਤੇ ਕੁਰੀਤੀਆਂ ਕਰਦਾ ਸੀ। ਗੁਰਦੁਆਰੇ ਦੇ ਪ੍ਰਬੰਧ ਨੂੰ ਚੰਗੀ ਤਰ੍ਹਾਂ ਨਾ ਚਲਾਉਣ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਸੀ। ਸੰਗਤਾਂ ਨੇ ਪੰਥਕ ਲੀਡਰ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਸ. ਹੁਕਮ ਸਿੰਘ ਅਤੇ ਬਹੁਤ ਸਾਰੇ ਅਕਾਲੀ ਆਗੂਆਂ ਨੂੰ ਅਤੇ ਸਾਬਕਾ ਪ੍ਰਧਾਨ ਸੰਤਾ ਸਿੰਘ ਨੂੰ ਆਪਣੇ ਪ੍ਰਤੀਨਿਧ ਮੰਡਲ ਨਾਲ ਮਿਲ ਕੇ ਮਹੰਤ ਦੀਆਂ ਕਮਜ਼ੋਰੀਆਂ ਬਾਰੇ ਦੱਸਿਆ, ਪਰ ਇਹ ਮਹੰਤ ਵਿਰੁੱਧ ਐਕਸ਼ਨ ਨਾ ਲੈ ਸਕੇ।

ਜਦ ਮਨਮਤੀਆਂ ਦੀ ਚਰਚਾ ਚਰਚਾ ਆਮ ਹੋਣ ਲੱਗ ਪਈ ਤਾਂ ਪਾਉਂਟਾ ਸਾਹਿਬ ਦੇ ਆਸ-ਪਾਸ ਦੇ ਪਿੰਡਾਂ ਦੀ ਸੰਗਤ ਇੱਕ ਵਿਸ਼ੇਸ਼ ਜਥਾ ਲੈ ਕੇ ਦੁਆਬੇ ਦੇ ਇਤਿਹਾਸਕ ਪਿੰਡ ਗੁਰਦੁਆਰਾ ਹਰੀਆਂ ਵੇਲਾਂ(ਹੁਸ਼ਿਆਰਪੁਰ) ਪਹੁੰਚਿਆ ਤੇ ਤਰੁਨਾ ਦਲ ਹਰੀਆਂ ਵੇਲਾਂ ਦੇ ਮੁਖੀ ਨਿਹੰਗ ਸਿੰਘ ਜਥੇਦਾਰ ਹਰਭਜਨ ਸਿੰਘ ਨੂੰ ਪ੍ਰਬੰਧ ਬਾਰੇ ਸਾਰੀ ਜਾਣਕਾਰੀ ਦਿੱਤੀ। ਗੁਰਦੁਆਰਾ ਸਾਹਿਬ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਬਾਬਾ ਜੀ ਨੇ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰ ਲਈ। ਜਥੇਦਾਰ ਬਾਬਾ ਨਿਹਾਲ ਸਿੰਘ ਅਨੁਸਾਰ ਬਾਬਾ ਹਰਭਜਨ ਸਿੰਘ ਦੀ ਅਗਵਾਈ ਹੇਠ 10 ਮਾਰਚ 1964 ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸ਼ਸਤਰਧਾਰੀ ਨਿਹੰਗ ਸਿੰਘਾਂ ਦਾ ਦਲ ਪਾਉਂਟਾ ਸਾਹਿਬ ਪਹੁੰਚ ਗਿਆ, ਜਿਸ ਨੂੰ ਦੇਖ ਕੇ ਮਹੰਤ ਘਬਰਾ ਗਿਆ ਅਤੇ ਉਸ ਨੇ ਭਾੜੇ ਦੇ ਬਦਮਾਸ਼ ਆਪਣੇ ਪਾਸ ਬੁਲਾ ਲਏ ਅਤੇ ਪੁਲਿਸ ਦਾ ਪ੍ਰਬੰਧ ਆਪਣੀ ਪਹੁੰਚ ਨਾਲ ਕਰ ਲਿਆ। ਇਹ ਮਹੰਤ ਬਹੁਤ ਚਤੁਰ ਚਲਾਕ ਸੀ।

ਇਧਰ ਗੁਰੂ ਕੇ ਸਿੰਘਾਂ ਨੇ ਪੁਰਾਤਨ ਮਰਯਾਦਾ ਅਨੁਸਾਰ ਸੰਗਤਾਂ ਵੱਲੋਂ ਰਸਦਾਂ ਇਕੱਠੀਆਂ ਹੋਣ ਤੇ ਗੁਰੂ ਕਾ ਲੰਗਰ ਅਤੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਸ਼ਾਮ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਚਲਾ ਦਿੱਤਾ। ਦਲ ਦੇ ਆਉਣ ਕਾਰਨ ਸਾਰੇ ਪਾਸੇ ਭਾਰੀ ਰੌਣਕਾਂ ਲੱਗ ਗਈਆਂ। ਮਹੰਤ ਦੇ ਬੰਦਿਆਂ ਨੇ ਸਿੰਘਾਂ ਨਾਲ ਹੱਥੋਪਾਈ ਵੀ ਕੀਤੀ ਪਰ ਸਿੰਘਾਂ ਨੇ ਸਿਆਣਪ ਤੋਂ ਕੰਮ ਲਿਆ। ਬਾਬਾ ਜੀ ਨੇ ਪਾਉਂਟਾ ਸਾਹਿਬ ਦੀ ਪਵਿੱਤਰਤਾ ਲਈ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੀ ਲੜੀ ਆਰੰਭ ਦਿੱਤੀ। ਹਿਮਾਚਲ ਪ੍ਰਸ਼ਾਸਨ ਨੇ ਬਾਬਾ ਹਰਭਜਨ ਸਿੰਘ ਜੀ ਨੂੰ ਗੈਸਟ ਹਾਊਸ ਬੁਲਾ ਕੇ ਸਮਝੌਤੇ ਦੇ ਬਹਾਨੇ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਕਮਿਸ਼ਨਰ ਆਰ. ਕੇ. ਚੰਡੋਲ ਦੀ ਅਗਵਾਈ ਹੇਠ ਸਪੀਕਰ ਰਾਹੀਂ ਅਖੰਡ ਪਾਠ ਬੰਦ ਕਰਕੇ ਬਾਹਰ ਆਉਣ ਦੀ ਚਿਤਾਵਨੀ ਦਿੱਤੀ। ਪਰ ਕੋਈ ਬਾਹਰ ਨਾ ਆਇਆ। ਆਖਿਰ ਪੁਲਿਸ ਪੌੜੀਆਂ ਲਾ ਕੇ ਅੰਦਰ ਦਾਖਲ ਹੋ ਗਈ ਅਤੇ ਇਕਦਮ ਗੋਲੀਆਂ ਦੀ ਬੁਛਾੜ ਕਰ ਦਿੱਤੀ।

ਸਰਕਾਰ ਦੇ ਕਰਮਚਾਰੀਆਂ ਨੇ 22 ਮਈ 1964 ਸ਼ੁਕਰਵਾਰ ਦੇ ਦਿਨ ਜੋ ਅਤਿਆਚਾਰ ਕੀਤਾ, ਉਹ ਸੁਣ ਕੇ ਸਮੁੱਚੇ ਪੰਥ ਦੀ ਰੂਹ ਤੜਫ ਉਠਦੀ ਹੈ। 22 ਮਈ ਦਾ ਇਹ ਸਾਕਾ ਸਰਕਾਰ ਦੇ ਮੱਥੇ ਉੱਪਰ ਨਾ ਮਿਟਾਏ ਜਾਣ ਵਾਲੇ ਕਲੰਕ ਵਾਂਗ ਲੱਗ ਗਿਆ ਹੈ। ਦਿਨ ਦਿਹਾੜੇ ਨਿਹੱਥੇ ਲੰਗਰ ਪਕਾਉਂਦੇ, ਸੇਵਾ ਕਰਦੇ, ਪਾਠ ਕਰਦੇ ਸਿੰਘਾਂ ਉੱਪਰ ਸ਼ਰ੍ਹੇਆਮ ਗੋਲੀ ਚਲਾਈ ਗਈ। ਗੁਰਦੁਆਰਾ ਸਾਹਿਬ ਦੇ ਅੰਦਰ ਦਰਵਾਜ਼ੇ ਤੋੜ ਕੇ, ਖਿੜਕੀਆਂ ਭੰਨ੍ਹ ਕੇ, ਬੂਟਾਂ ਸਮੇਤ ਜਾ ਕੇ ਅਖੰਡ ਪਾਠ ਕਰਦੇ ਸਿੰਘਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਤੋਂ ਵੀ ਨੀਚ ਕੰਮ ਉਸ ਸਮੇਂ ਕੀਤਾ ਗਿਆ, ਜਦੋਂ ਪਾਠ ਕਰਦੇ ਸਿੰਘ ਨੇ ਇਸ਼ਾਰੇ ਨਾਲ ਹੱਥ ਉੱਪਰ ਕਰਕੇ ਪਾਠ ਵਿੱਚ ਵਿਘਨ ਨਾ ਪਾਉਣ ਲਈ ਕਿਹਾ ਤਾਂ ਉਸ ਦੀ ਹਥੇਲੀ ਦਾ ਨਿਸ਼ਾਨਾ ਲਗਾ ਕੇ ਉਸ ਵਿੱਚ ਗੋਲੀ ਦਾਗ ਦਿੱਤੀ ਗਈ। ਜ਼ਖਮੀ ਹਾਲਤ ਵਿੱਚ ਉਸ ਨੇ ਪਾਠ ਜਾਰੀ ਰੱਖਿਆ ਤਾਂ ਉਸ ਉੱਤੇ ਹੋਰ ਗੋਲੀ ਦਾਗ ਦਿੱਤੀ, ਜੋ ਉਸ ਦੇ ਸੀਨੇ ਨੂੰ ਚੀਰ ਕੇ ਪਾਰ ਹੋ ਗਈ ਤੇ ਉਹ ਲਹੂ-ਲੁਹਾਨ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਦੇਹ ਤੇ ਡਿੱਗ ਪਿਆ।

ਕੋਲ ਖੜ੍ਹੇ ਸਿੰਘ ਬਾਬਾ ਨਿਹਾਲ ਸਿੰਘ ਜੀ, ਜੋ ਚੌਰ ਕਰ ਰਹੇ ਸਨ ਨੇ ਡਿਗਦੇ ਪਾਠੀ ਦੀ ਥਾਂ ਲੈਣੀ ਚਾਹੀ ਤਾਂ ਕਿ ਅਖੰਡ ਪਾਠ ਖੰਡਿਤ ਨਾ ਹੋ ਸਕੇ ਤਾਂ ਉਸ ਨੂੰ ਵੀ ਥਾਂ ਉਤੇ ਹੀ ਗੋਲੀ ਮਾਰ ਦਿੱਤੀ ਗਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਮੌਕੇ ਗੁਰਦੁਆਰਾ ਸਾਹਿਬ ਅੰਦਰ ਸਿਰਫ 9 ਸਿੰਘ ਸਨ, ਜਿਨ੍ਹਾਂ ਵਿਚੋਂ 8 ਸ਼ਹੀਦ ਹੋ ਗਏ। ਸ਼ਹੀਦ ਸਿੰਘਾਂ ਦੀਆਂ ਦੇਹਾਂ ਨੂੰ ਟਰੱਕਾਂ ਵਿੱਚ ਸੁੱਟ ਕੇ ਜੰਗਲ ਵਿੱਚ ਲਿਜਾ ਕੇ ਸਸਕਾਰ ਕਰ ਦਿੱਤਾ ਗਿਆ। ਸਿਰਫ ਤਿੰਨ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਦਿੱਤੀਆਂ ਗਈਆਂ, ਜੋ ਬਾਹਰ ਸ਼ਹੀਦ ਕੀਤੇ ਗਏ ਸਨ। ਉਨ੍ਹਾਂ ਤਿੰਨਾਂ ਦਾ ਸਸਕਾਰ ਜਮਨਾ ਦੇ ਕਿਨਾਰੇ, ਪੂਰਨ ਮਰਯਾਦਾ ਅਨੁਸਾਰ 24 ਮਈ 1964 ਨੂੰ ਕੀਤਾ ਗਿਆ। ਪੁਲਿਸ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ, ਇੱਕ ਗੁਰੂ ਗ੍ਰੰਥ ਸਾਹਿਬ ਜੀ ਤੇ ਇੱਕ ਦਸਮ ਗ੍ਰੰਥ ਸਾਹਿਬ ਦੀ ਬੀੜ ਤੇ ਰੁਮਾਲੇ ਨਾਲ ਲੈ ਗਈ। ਸਾਰਾ ਗੁਰਦੁਆਰਾ ਸਾਹਿਬ ਅੰਦਰੋਂ ਲਹੂ-ਲੁਹਾਨ ਹੋ ਗਿਆ ਸੀ, ਜੋ ਨਾਲ ਲੱਗਦੇ ਪਾਣੀ ਦੇ ਚੁਬੱਚੇ ਵਿੱਚ ਪੈ ਕੇ ਸਾਰਾ ਪਾਣੀ ਲਾਲੋ ਲਾਲ ਹੋ ਗਿਆ ਸੀ। ਭਾਈ ਸਰਦਾਰਾ ਸਿੰਘ ਨੇ ਆਪ ਜਾ ਕੇ ਉਸ ਚੁਬੱਚੇ ਨੂੰ ਖੂਨ ਨਾਲ ਭਰਿਆ ਦੇਖਿਆ। ਗੁਰਦੁਆਰਾ ਸਾਹਿਬ ਦੀਆਂ ਚਾਰੇ ਦੀਵਾਰਾਂ ਗੋਲੀਆਂ ਨਾਲ ਛਲਣੀ ਛਲਣੀ ਹੋ ਗਈਆਂ ਸਨ। ਦੀਵਾਰਾਂ ਤੋਂ ਗੋਲੀਆਂ ਦੇ ਨਿਸ਼ਾਨ ਕਰਮਚਾਰੀਆਂ ਨੇ ਸੀਮਿੰਟ ਨਾਲ ਮਿਟਾਉਣ ਤੇ ਭਰਨ ਦੀ ਵੀ ਕੋਸ਼ਿਸ਼ ਕੀਤੀ।

47 ਨਿਸ਼ਾਨ ਉਨ੍ਹਾਂ ਦੀ ਕੀਤੀ ਕਾਰੀਗਰੀ ਤੋਂ ਬਾਅਦ ਵੀ ਦਿਖਾਈ ਦੇ ਰਹੇ ਸਨ। ਇੱਕ ਸਿੰਘ ਨਗਾਰਾ ਵਜਾ ਕੇ ਇਸ ਹਮਲੇ ਦੀ ਸੂਚਨਾ ਬਾਹਰ ਪਹੁੰਚਾ ਰਿਹਾ ਸੀ, ਉਸ ਨੂੰ ਵੀ ਗੋਲੀਆਂ ਮਾਰ ਕੇ ਉਥੇ ਹੀ ਖਤਮ ਕਰ ਦਿੱਤਾ ਗਿਆ। ਨਗਾਰੇ ਲਾਗੇ ਗੋਲੀਆਂ ਦੇ ਨਿਸ਼ਾਨ ਇਸ ਗੱਲ ਦੀ ਗਵਾਹੀ ਦੇ ਰਹੇ ਸਨ।ਦਰੀਆਂ, ਚਾਦਰਾਂ ਜਿਨ੍ਹਾਂ ਉੱਪਰ ਖੂਨ ਡੁੱਲ੍ਹਾ ਹੋਇਆ ਸੀ, ਪੁਲਿਸ ਨਾਲ ਲੈ ਗਈ, ਪਰ ਜਿਸ ਕੱਪੜੇ ਨਾਲ ਖੂਨ ਦੇ ਧੱਬੇ ਫਰਸ਼ ਤੋਂ ਸਾਫ ਕੀਤੇ ਗਏ ਸਨ, ਉਹ ਉਥੇ ਹੀ ਛੱਡ ਗਏ, ਜੋ ਖੂਨੀ ਦਾਸਤਾਨ ਦੀ ਕਹਾਣੀ ਸੁਣਾ ਰਿਹਾ ਸੀ। ਇਸ ਮੌਕੇ ਤੇ ਅੱਠ ਨਿਹੰਗ 1.ਸ. ਪ੍ਰੀਤਮ ਸਿੰਘ ਫਤਹਿ ਪੁਰ ਕੋਠੀ, ਹੁਸ਼ਿਆਰਪੁਰ2.ਸ. ਮੰਗਲ ਸਿੰਘ ਬਜਰੋਰ, ਹੁਸ਼ਿਆਰਪੁਰ 3.ਸ. ਹਰਭਜਨ ਸਿੰਘ ਟੌਹੜਾ ਹੁਸ਼ਿਆਰਪੁਰ4.ਸ. ਧੰਨਾ ਸਿੰਘ ਭਦੋੜ, ਸੰਗਰੂਰ5.ਸ. ਸੰਤੋਖ ਸਿੰਘ ਅੰਮ੍ਰਿਤਸਰ6.ਸ. ਲਾਭ ਸਿੰਘ ਫਿਰੋਜ਼ਪੁਰ 7.ਸ.ਦਲੀਪ ਸਿੰਘ ਕਾਂਗੜਾ 8.ਸ ਉਦੈ ਸਿੰਘ ਮਤੇਵਾਲ, ਅੰਮ੍ਰਿਤਸਰ ਤੇ ਤਿੰਨ ਯਾਤਰੀ :1 ਨਾਮਧਾਰੀ ਸਿੰਘ 2.ਬਾਬਾ ਸੂਬੇਦਾਰ ਜੀ 3ਇਕ ਹੋਰ ਯਾਤਰੀ ਸ਼ਹੀਦੀ ਪ੍ਰਾਪਤ ਕਰ ਗਏ। ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੰਘ ਤਰੁਨਾ ਦਲ ਹਰੀਆਂ ਵੇਲਾਂ ਦੇ ਨਿਹੰਗ ਸਿੰਘ ਸਨ, ਜਿਨ੍ਹਾਂ ਦੀ ਅਗਵਾਈ ਮੁੱਖ ਜਥੇਦਾਰ ਬਾਬਾ ਹਰਭਜਨ ਸਿੰਘ ਜੀ ਕਰ ਰਹੇ ਸਨ। ਉਸ ਮੌਕੇ ਤੇ ਸਖ਼ਤ ਜ਼ਖਮੀ ਹੋਏ ਬਾਬਾ ਨਿਹਾਲ ਸਿੰਘ ਜੀ ਜੋ ਅੱਜਕਲ੍ਹ ਤਰੁਨਾ ਦਲ ਹਰੀਆਂ ਬੇਲਾਂ ਦੇ ਮੁੱਖ ਜਥੇਦਾਰ ਹਨ।ਇਸ ਤਰ੍ਹਾਂ ਬਾਕੀ ਗੁਰਦੁਆਰਿਆਂ ਵਾਂਗ ਇਸ ਨੂੰ ਵੀ ਮਹੰਤਾਂ ਦੇ ਕਬਜੇ ਤੋਂ ਛੁਡਾ ਲਿਆ ਗਿਆ।

Scroll to Top
Latest news
अमन बग्गा बने Digital Media Association (DMA) के प्रधान, गुरप्रीत सिंह संधू चेयरमैन, अजीत सिंह बुलंद... ਜਲੰਧਰ ਪੱਛਮੀ ਜ਼ਿਮਨੀ ਚੋਣ: 37325 ਵੋਟਾਂ ਨਾਲ ਜਿੱਤੇ ਮੋਹਿੰਦਰ ਭਗਤ, BJP ਦੂਜੇ ਤੇ ਕਾਂਗਰਸ ਤੀਜੇ ਨੰਬਰ ‘ਤੇ ਰਹੀ अंधेरे में डूबा रहा जालंधर का ये पूरा क्षेत्र ,लगभग 24 घण्टे से बंद है बिजली पंजाब सरकार के कैबिनेट मंत्री अमन अरोड़ा और MLA रमन अरोड़ा ने किए डिजिटल मीडिया एसोसिएशन (डीएमए) के आ... इंडियन ऑयल पंजाब सब जूनियर बैडमिंटन रैंकिंग टूर्नामेंट संपन्न आर्मी इंटर-कमांड हॉकी चैंपियनशिप 2024-25 शानदार समारोह के साथ संपन्न*  आप नेताओं ने जालंधर पश्चिम में शानदार जीत का मनाया जश्न एमबीडी ग्रुप ने सामाजिक जिम्मेदारी के साथ  मनाया अपना 79वें  स्थापना दिवस  मुख्यमंत्री भगवंत मान ने जालंधर पश्चिम विधानसभा में की नुक्कड़ सभाएं, लोगों से आप उम्मीदवार मोहिंदर ... कांग्रस हिन्दुओ को हिंसक और आप जनरल समाज पर झूठे एस.सी एक्ट के मुकदमे दर्ज करवा रही है-अशोक सरीन