ਚੰਡੀਗੜ (ਪ੍ਰੀਤਮ ਲੁਧਿਆਣਵੀ), – ‘‘ਫਿਲਮੀ ਫੋਕਸ ਮੈਗਜ਼ੀਨ ਵੱਲੋਂ ਕਲਾ ਦੀਆਂ ਸ਼ਖਸੀਅਤਾਂ ਦੀ ਕਦਰ ਪਾਉਣ ਲਈ ਹਰ ਮਹੀਨੇ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਕੁਝ ਸ਼ਖਸੀਅਤਾਂ ਚੁਣ ਕੇ ਉਨਾਂ ਦਾ ਸਨਮਾਨ ਕੀਤਾ ਜਾਂਦਾ ਹੈ। ਸਨਮਾਨ ਦਾ ਮਕਸਦ ਨੌਜਵਾਨਾਂ ਵੱਲੋ ਕੀਤੇ ਜਾ ਰਹੇ ਸ਼ਲਾਘਾ ਭਰੇ ਕਾਰਜ ਦੀ ਕਦਰ ਕਰਨਾ ਅਤੇ ਜੋਸ਼ ਭਰਨਾ ਹੈ ਤਾਂ ਕਿ ਸਨਮਾਨਿਤ ਹੋ ਰਹੀ ਸ਼ਖਸੀਅਤ ਅੱਗੋਂ ਹੋਰ ਵੀ ਮਿਹਨਤ, ਲਗਨ, ਸ਼ੌਕ ਤੇ ਜੋਸ਼-ਖਰੋਸ਼ ਨਾਲ ਆਪਣੇ ਖੇਤਰ ਵਿਚ ਵੱਧ ਚੜ ਕੇ ਹਿੱਸਾ ਲੈਂਦਿਆਂ ਉਚ ਮਾਅਰਕੇ ਮਾਰ ਸਕੇ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਵਿਸ਼ਵ ਭਰ ਵਿਚ ਗੱਡੀ ਰੱਖਣ ਲਈ ਸਾਡਾ ਇਹ ਉਪਰਾਲਾ ਏਦਾਂ ਹੀ ਨਿਰੰਤਰ ਜਾਰੀ ਰਹੇਗਾ।’’
ਇਹ ਸ਼ਬਦ ਮਾਸਿਕ ਪੰਜਾਬੀ ਮੈਗਜ਼ੀਨ ਫਿਲਮੀ ਫੋਕਸ ਦੇ ਦਫਤਰ ਲੁਧਿਆਣਾ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਫਿਲਮੀ ਫੋਕਸ ਮੈਗਜ਼ੀਨ ਦੇ ਚੀਫ ਐਡੀਟਰ ਜਨਾਬ ਨਰਿੰਦਰ ਨੂਰ ਜੀ ਵੱਲੋਂ ਬੜੇ ਮਾਣ ਨਾਲ ਸਰੋਤਿਆਂ ਦੀਆਂ ਜੋਰਦਾਰ ਤਾਲੀਆਂ ਹੇਠ ਆਖੇ ਗਏ। ਜ਼ਿਕਰ ਯੋਗ ਹੈ ਕਿ ਇਸ ਵਾਰ ਇਹ ਸਨਮਾਨ ਮਿਊਜ਼ਿਕ ਲਾਈਨ ਨਾਲ ਸਬੰਧਤ ਕੋ-ਸਿੰਗਰ ਹੈਪੀ ਕੁਮਾਰ ਨੂੰ ‘ਮਾਣ ਪੰਜਾਬ ਦਾ ਵਿਸ਼ੇਸ਼ ਐਵਾਰਡ’ ਦੇ ਕੇ ਨਿਵਾਜਿਆ ਗਿਆ ਹੈ ਜਿਹੜਾ ਕਿ ਮਿਊਜ਼ਿਕ ਲਾਈਨ ਵਿਚ ਕੀਤੀਆਂ ਉਸ ਦੀਆਂ ਪ੍ਰਾਪਤੀਆਂ ਨੂੰ ਸਤਿਕਾਰਤ ਸਲਾਮ ਹੈ।