ਜਲੰਧਰ : 17 ਮਈ ਤੋਂ ਕੋਵਿਲਪੱਟੀ (ਤਾਮਿਲਨਾਡੂ) ਵਿਖੇ ਸੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਮਰਦ ਹਾਕੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀ ਪੰਜਾਬ ਹਾਕੀ ਟੀਮ ਦੀ ਕਪਤਾਨੀ ਜਸਵਿੰਦਰ ਸਿੰਘ ਕਰੇਗਾ । ਭਾਰਤ ਵਿਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 17 ਤੋਂ 28 ਮਈ ਤਕ ਕੋਵਿਲਪੱਟੀ (ਤਾਮਿਲਨਾਡੂ) ਵਿਖੇ ਆਯੋਜਿਤ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਮਰਦ ਹਾਕੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਪੰਜਾਬ ਹਾਕੀ ਟੀਮ ਦੀ ਅਗਵਾਈ ਸੁਰਜੀਤ ਹਾਕੀ ਅਕੈਡਮੀ, ਜਲੰਧਰ ਦਾ ਜਸਵਿੰਦਰ ਸਿੰਘ ਕਰੇਗਾ ਜਦਕਿ ਨਵਦੀਪ ਸਿੰਘ (ਮੁਹਾਲੀ) ਪੰਜਾਬ ਟੀਮ ਦਾ ਉਪ ਕਪਤਾਨ ਹੋਵੇਗਾ । ਉਹਨਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਹਾਕੀ ਟੀਮ ਵਿਚ ਕ੍ਰਮਵਾਰ ਸਰਬਜੋਤ ਸਿੰਘ, ਸਵਰਨਦੀਪ ਸਿੰਘ (ਦੋਵੇਂ ਪੰਜਾਬ ਐਂਡ ਸਿੰਧ ਬੈਂਕ ਤੋਂ), ਅਰਸ਼ਦੀਪ ਸਿੰਘ, ਅਕਾਸ਼, ਸ਼ਾਸ਼ਵੰਤ ਐਰੀ, ਰਾਜਿੰਦਰ ਸਿੰਘ, ਅਕਾਸ਼ਦੀਪ, ਸੰਜੇ, ਗੁਰਕਮਲ ਸਿੰਘ, ਮਨਮੀਤ ਸਿੰਘ, ਭਾਰਤ ਠਾਕੁਰ, ਫ਼ਤੇਹਬੀਰ ਸਿੰਘ (ਸਾਰੇ ਸੁਰਜੀਤ ਹਾਕੀ ਅਕੈਡਮੀ, ਜਲੰਧਰ ਤੋਂ) ਅਭਿਤਾਬ ਸਿੰਘ, ਰਵਨੀਤ ਸਿੰਘ, ਪ੍ਰਭਦੀਪ ਸਿੰਘ, ਗੁਰਬਖ਼ਸ਼ ਸਿੰਘ (ਸਾਰੇ ਮੁਹਾਲੀ ਤੋਂ) ਨੁੰ ਸ਼ਾਮਿਲ ਕੀਤਾ ਗਿਆ ਹੈ । ਅਵਤਾਰ ਸਿੰਘ ਪਿੰਕਾ ਅਤੇ ਗੁਰਬਖਸ਼ੀਸ਼ ਸਿੰਘ (ਪੀ.ਐੱਸ.ਪੀ.ਸੀ.ਐਲ, ਅੰਮ੍ਰਿਤਸਰ) ਨੂੰ ਟੀਮ ਦਾ ਕ੍ਰਮਵਾਰ ਕੋਚ ਤੇ ਮੈਨੇਜਰ ਬਣਾਇਆ ਗਿਆ ਹੈ ।