ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਸ਼ੁੱਕਰਵਾਰ ਨੂੰ ਵਿਜੀਲੈਂਸ ਬਿਓਰੋ ਨੇ ਲੁਕਆਊਟ ਨੋਟਿਸ ਜਾਰੀ ਹੋਇਆ ਹੈ। ਇਹ ਨੋਟਿਸ ਉਨ੍ਹਾਂ ਦੇ ਖ਼ਿਲਾਫ ਆਮਦਨ ਤੋਂ ਜ਼ਿਆਦਾ ਦੇ ਮਾਮਲੇ ਵਿਚ ਜਾਰੀ ਕੀਤਾ ਗਿਆ ਹੈ। ਲੁੱਕਆਊਟ ਸਰਕੂਲਰ ਜਾਰੀ ਹੋਣ ਤੋਂ ਬਾਅਦ ਹੁਣ ਚੰਨੀ ਵਿਦੇਸ਼ ਨਹੀਂ ਜਾ ਸਕਣਗੇ। ਦੱਸਦੇ ਚਲੀਏ ਕਿ ਵਿਜੀਲੈਂਸ ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ਖ਼ਿਲਾਫ਼ ਕੁਝ ਮਾਮਲਿਆਂ ’ਚ ਜਾਂਚ ਕੀਤੀ ਜਾ ਰਹੀ ਹੈ, ਜਿਸ ਨੂੰ ਇਸ ਲੁੱਕਆਊਟ ਨੋਟਿਸ ਦਾ ਆਧਾਰ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਦੇਸ਼ ਜਾਣ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਲੁੱਕਆਊਟ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਜਿਸ ਤੋਂ ਬਾਅਦ ਲੰਘੀ 7 ਮਾਰਚ ਨੂੰ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ। ਲੁੱਕਆਊਟ ਨੋਟਿਸ ਦੇ ਜ਼ਰੀਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੀ ਜਾਂਚ ਅਤੇ ਹੋਰ ਮਾਮਲਿਆਂ ਦਾ ਬਿਓਰਾ ਦਿੰਦੇ ਹੋਏ ਦੇਸ਼ ਦੇ ਸਾਰੇ ਏਅਰਪੋਰਟਸ ਦੀਆਂ ਸੁਰੱਖਿਆ ਟੀਮਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸਬੰਧਿਤ ਵਿਅਕਤੀ ਨੂੰ ਕਿਸੇ ਵੀ ਦੇਸ਼ ਤੋਂ ਬਾਹਰ ਜਾਣ ਵਾਲੀ ਫਲਾਈਟ ਦੀ ਇਜਾਜ਼ਤ ਨਾ ਦਿੱਤੀ ਜਾਵੇ। ਸੂਚਨਾ ਲਈ ਸਾਬਕਾ ਮੁੱਖ ਮੰਤਰੀ ਦੇ ਪਾਸਪੋਰਟ ਡਿਟੇਲਜ਼ ਵੀ ਉਪਲੱਬਧ ਕਰਵਾਏ ਗਏ ਹਨ। ਧਿਆਨ ਰਹੇ ਕਿ ਸੂਬੇ ’ਚ ਸੱਤਾ ਤਬਦੀਲੀ ਤੋਂ ਬਾਅਦ ਤਕਰੀਬਨ 7-8 ਮਹੀਨੇ ਸਾਬਕਾ ਮੁੱਖ ਮੰਤਰੀ ਚੰਨੀ ਵਿਦੇਸ਼ ’ਚ ਹੀ ਰਹੇ ਸਨ ਅਤੇ ਉਥੋਂ ਪਰਤਣ ਤੋਂ ਤੁਰੰਤ ਬਾਅਦ ਵਿਜੀਲੈਂਸ ਨੇ ਆਪਣੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਸੀ।