ਗਲਾਸਗੋ, (ਹਰਜੀਤ ਦੁਸਾਂਝ ਪੁਆਦੜਾ)-ਸਕਾਟਲੈਂਡ ਦੀ ਫ਼ਸਟ ਮਨਿਸਟਰ ਨਿਕੋਲਾ ਸਟਰਜਨ ਦੇ ਅਚਾਨਕ ਆਪਣੇ ਆਹੁਦੇ ਤੋ ਅਸਤੀਫ਼ਾ ਦੇਣ ਤੋ ਬਾਅਦ ਲੋਕਾਂ ‘ਚ ਚਰਚਾ ਹੈ ਕਿ ਸਕਾਟਲੈਂਡ ਦਾ ਭਵਿੱਖ ਕਿਸ ਦੇ ਹੱਥਾਂ ‘ਚ ਹੋਵੇਗਾ? ਇਸ ਦਾ ਕੱਲ੍ਹ ਸੰਸਦ ਮੈਂਬਰਾਂ ਦੀ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਵੇਗਾ। ਇਸ ਦੌੜ ‘ਚ ਸਭ ਤੋਂ ਅੱਗੇ ਸਕਾਟਿਸ਼ ਨੈਸ਼ਨਲ ਪਾਰਟੀ ਦੇ 2018 ਤੋਂ ਸੰਸਦ ‘ਚ ਡਿਪਟੀ ਲੀਡਰ ਕੀਥ ਬ੍ਰਾਊਨ ਹਨ। ਉਹ 2007 ਤੋਂ ਸਕਾਟਿਸ਼ ਸੰਸਦ ਮੈਂਬਰ ਚਲੇ ਆ ਰਹੇ ਹਨ। ਦੂਜੇ ਨੰਬਰ ‘ਤੇ ਵਿੱਤ ਅਤੇ ਆਰਥਿਕ ਮੰਤਰੀ ਕੇਟ ਫੋਰਬਜ ਚੱਲ ਰਹੀ ਹੈ। ਉਹ ਸਕਾਟਲੈਂਡ ਦੇ ਹਾਈਲੈਡਜ ਖੇਤਰ ਤੋਂ ਹੈ ਅਤੇ ਉਨ੍ਹਾਂ ਨੇ ਕਈ ਸਾਲ ਭਾਰਤ ‘ਚ ਵੀ ਬਿਤਾਏ ਹਨ। ਉਹ 2016 ਤੋਂ ਸਕਾਟਿਸ਼ ਸੰਸਦ ਦਾ ਹਿੱਸਾ ਹਨ। ਤੀਜੇ ਨੰਬਰ ‘ਤੇ ਐਂਗਸ ਰਾਬਰਟਸਨ ਚੱਲ ਰਹੇ ਹਨ। ਉਹ ਸੰਵਿਧਾਨ, ਸੱਭਿਆਚਾਰ ਅਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਹਨ¢ ਉਹ ਪਾਰਟੀ ਦੇ ਪੁਰਾਣੇ ਆਗੂਆਂ ‘ਚੋਂ ਇਕ ਹਨ। ਚੌਥੇ ਨੰਬਰ ‘ਤੇ ਪਾਕਿਸਤਾਨੀ ਮੂਲ ਦੇ ਹਮਜਾ ਯੂਸਫ਼ ਚੱਲ ਰਹੇ ਹਨ। ਉਹ 2011 ‘ਚ 26 ਸਾਲ ਦੀ ਉਮਰ ‘ਚ ਸਭ ਤੋ ਛੋਟੀ ਉਮਰ ਦੇ ਸਕਾਟਿਸ਼ ਸੰਸਦ ਮੈਂਬਰ ਸਨ ਅਤੇ ਹੁਣ ਤੱਕ ਸੰਸਦ ਦਾ ਹਿੱਸਾ ਹਨ।
ਕੋਰੋਨਾ ਕਾਲ ‘ਚ ਸਿਹਤ ਸੇਵਾਵਾਂ ਦੇ ਮੰਤਰੀ ਵਜੋਂ ਦਬਾਅ ਦੇ ਬਾਵਜੂਦ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਹੋਈ ਸੀ। ਪੰਜਵੇਂ ਨੰਬਰ ‘ਤੇ ਮੌਜੂਦਾ ਉਪ ਪ੍ਰਧਾਨ ਮੰਤਰੀ ਜੋਹਨ ਸਵਿੰਨੀ ਚੱਲ ਰਹੇ ਹਨ।