ਬੱਸੀ ਪਠਾਣਾਂ / ਫ਼ਤਹਿਗੜ ਸਾਹਿਬ (Jatinder Rawat)- ਸਿਵਲ ਸਰਜਨ ਫ਼ਤਹਿਗੜ ਸਾਹਿਬ ਡਾ ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਹਾਇਕ ਸਿਵਲ ਸਰਜਨ ਫ਼ਤਹਿਗੜ ਸਾਹਿਬ ਡਾ: ਸਵਪਨਦੀਪ ਕੌਰ ਵਲੋ ਸੂਬੇ ਦੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਜਰੂਰੀ ਹਿਦਾਯਤਾ ਜਾਰੀ ਕੀਤੀਆ ਗਈਆ। ਅੱਜ ਪੀ ਐਚ ਸੀ ਨੰਦਪੁਰ ਕਲੌੜ ਦਾ ਅਚਨਚੇਤ ਦੌਰਾ ਕਰਨ ਦੌਰਾਨ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਨੰਦਪੁਰ ਕਲੌੜ ਦੀ ਹਾਜਰੀ ਵਿਚ ਉਨ੍ਹਾਂ ਨੇ ਕਿਹਾ ਕਿ ਹਸਪਤਾਲ ਅੰਦਰ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਿਹਤ ਸੇਵਾਵਾਂ ਨੂੰ ਬੇਹਤਰ ਕੀਤਾ ਜਾਵੇ। ਉਹਨਾਂ ਨੇ ਸਮੂਹ ਸਟਾਫ਼ ਨੂੰ ਹਦਾਇਤ ਕੀਤੀ ਕਿ ਜੋ ਵੀ ਮਰੀਜ਼ ਹਸਪਤਾਲ ਅੰਦਰ ਸਿਹਤ ਸੇਵਾਵਾਂ ਲੈਣ ਆਉਂਦਾ ਹੈ, ਉਸ ਨਾਲ ਨਰਮੀ ਅਤੇ ਅਪਣੱਤ ਵਾਲਾ ਰਵੱਈਆ ਅਪਣਾਇਆ ਜਾਵੇ । ਇਸ ਤੋਂ ਬਾਅਦ ਉਨ੍ਹਾਂ ਵਲੋਂ ਆਮ ਆਦਮੀ ਕਲੀਨਿਕ ਨੰਦਪੁਰ ਕਲੌੜ ਦੀ ਚੈਕਿੰਗ ਵੀ ਕੀਤੀ ਅਤੇ ਕਿਹਾ ਕਿ ਮਰੀਜ਼ਾ ਦੀ ਆਨਲਾਈਨ ਐਂਟਰੀ ਟੈਬ ਚ ਤੁਰੰਤ ਕੀਤੀ ਜਾਵੇ। ਉਨ੍ਹਾਂ ਆਮ ਆਦਮੀ ਕਲੀਨਿਕ ਦੀ ਚੈਕਿੰਗ ਦੌਰਾਨ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਘਰ ਦੇ ਨਜ਼ਦੀਕ ਹੀ ਵਧੀਆ ਸਿਹਤ ਸਹੂਲਤਾਂ ਦੇਣ ਲਈ ਹੀ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿਸ ’ਚ ਵੱਖ-ਵੱਖ ਬੀਮਾਰੀਆਂ ਨਾਲ ਸਬੰਧਤ 80 ਤੋਂ ਵੱਧ ਤਰ੍ਹਾਂ ਦੀਆਂ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਹਰਮਨਦੀਪ ਸਿੰਘ ਬਰਾੜ ਇੰਚ ਆਮ ਆਦਮੀ ਕਲੀਨਿਕ ਨੰਦਪੁਰ ਕਲੌੜ, ਜਿੰਮੀ ਫਾਰਮੇਸੀ ਅਫਸਰ ਅਤੇ ਹੋਰ ਸਟਾਫ਼ ਹਾਜ਼ਰ ਸਨ।