ਮਲੌਦ ਪਿੰਡ ਰੋਸਿਆਣਾ ਵਿਖੇ ਵਾਪਰੇ ਦਰਦਨਾਕ ਹਾਦਸੇ ਦੌਰਾਨ ਡੇਢ ਸਾਲ ਦੇ ਮਾਸੂਮ ਦੀ ਮੌਤ ਹੋ ਗਈ। ਇੱਥੇ ਇੱਕ ਬੱਚਾ ਉਬਲਦੇ ਪਾਣੀ ਦੀ ਬਾਲਟੀ ਵਿੱਚ ਡਿੱਗ ਗਿਆ। ਬੁਰੀ ਤਰ੍ਹਾਂ ਝੁਲਸ ਗਏ ਇਸ ਬੱਚੇ ਦੀ ਆਖਰਕਾਰ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਮਨਵੀਰ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਰੋਸੀਆਣਾ ਵਜੋਂ ਹੋਈ।
ਪ੍ਰਾਪਤ ਜਾਣਕਾਰੀ ਅਨੁਸਾਰ ਮਨਵੀਰ ਸਿੰਘ ਦੀ ਮਾਤਾ ਰੋਸੀਆਣਾ ਪਿੰਡ ਵਿਖੇ ਆਪਣੇ ਬੱਚੇ ਨੂੰ ਨਹਾਉਣ ਲਈ ਬਾਲਟੀ ਵਿੱਚ ਬਿਜਲੀ ਦੀ ਰਾਡ ਨਾਲ ਪਾਣੀ ਗਰਮ ਕਰ ਰਹੀ ਸੀ। ਇਸ ਦੌਰਾਨ ਪਾਣੀ ਗਰਮ ਹੋਣ ਮਗਰੋਂ ਮਾਂ ਬਿਜਲੀ ਦੀ ਰਾਡ ਕਮਰੇ ਵਿੱਚ ਰੱਖਣ ਚਲੀ ਗਈ। ਬਾਲਟੀ ਫੜ ਕੇ ਖੜ੍ਹਾ ਮਨਵੀਰ ਸਿੰਘ ਬਾਲਟੀ ਦੇ ਵਿੱਚ ਡਿੱਗ ਗਿਆ।
ਉਬਲਦੇ ਪਾਣੀ ‘ਚ ਡਿੱਗੇ ਮਨਵੀਰ ਸਿੰਘ ਨੇ ਤੜਫ-ਤੜਫ ਕੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ। ਇਸ ਦੌਰਾਨ ਘਰ ‘ਚ ਲੋਕ ਇਕੱਠੇ ਹੋ ਗਏ। ਬੁਰੀ ਤਰ੍ਹਾਂ ਝੁਲਸ ਗਏ ਮਨਵੀਰ ਨੂੰ ਪਹਿਲਾਂ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਉਥੋਂ ਹਾਲਤ ਨੂੰ ਦੇਖਦੇ ਹੋਏ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਰਾਜਿੰਦਰਾ ਹਸਪਤਾਲ ‘ਚ ਵੀ ਮਨਵੀਰ ਦੀ ਹਾਲਤ ‘ਚ ਸੁਧਾਰ ਨਹੀਂ ਹੋਇਆ। ਉਸ ਨੂੰ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ। ਪੀਜੀਆਈ ਵਿਖੇ ਇਲਾਜ ਦੌਰਾਨ ਮਨਵੀਰ ਦੀ ਮੌਤ ਹੋ ਗਈ।