ਅੰਮ੍ਰਿਤਸਰ – ਪੰਜਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਆਮ ਆਦਮੀ ਪਾਰਟੀ (ਆਪ) ਦੇ ਰਾਹ ’ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਸ਼੍ਰੋਮਣੀ ਕਮੇਟੀ ਨੇ ਲੋਕਾਂ ਦੇ ਸੁਝਾਵਾਂ ਨਾਲ ਸਾਲਾਨਾ ਬਜਟ ਤਿਆਰ ਕਰਨ ਦਾ ਮਨ ਬਣਾ ਲਿਆ ਹੈ। ਇਸ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਈ-ਮੇਲ [email protected] ਜਾਰੀ ਕੀਤੀ ਗਈ ਹੈ, ਜਿਸ ‘ਤੇ ਲੋਕ ਆਪਣੇ ਸੁਝਾਅ ਭੇਜ ਸਕਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਬਜਟ ਤਿਆਰ ਕਰਨ ਤੋਂ ਪਹਿਲਾਂ ਲੋਕਾਂ ਤੋਂ ਸੁਝਾਅ ਮੰਗੇ ਸਨ। ਉਨ੍ਹਾਂ ਕਿਹਾ ਕਿ ਬਜਟ ਜਨਤਾ ਦਾ ਹੈ, ਇਸ ਲਈ ਇਸ ਦਾ ਫੈਸਲਾ ਉਨ੍ਹਾਂ ਨੂੰ ਹੀ ਕਰਨਾ ਚਾਹੀਦਾ ਹੈ। ਹੁਣ ਐਸਜੀਪੀਸੀ ਵੀ ਇਸ ਰਾਹ ’ਤੇ ਤੁਰ ਪਈ ਹੈ। ਸ਼੍ਰੋਮਣੀ ਕਮੇਟੀ ਨੇ ਵੀ ਇਸ ਸਾਲ ਦਾ ਬਜਟ ਜਨਤਾ ਦੇ ਸੁਝਾਵਾਂ ‘ਤੇ ਤਿਆਰ ਕਰਨ ਦਾ ਮਨ ਬਣਾ ਲਿਆ ਹੈ।
ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਸਿੱਖ ਮਰਿਆਦਾ ਵਿਚ ਹਰ ਕੋਈ ਆਪਣੀ ਕਮਾਈ ਦਾ ਦਸਵੰਧ ਕੱਢਦਾ ਹੈ। ਜਿਸ ਨੂੰ ਗੁਰੂ ਦੀ ਗੋਲਕ ਕਿਹਾ ਜਾਂਦਾ ਹੈ। ਗੁਰੂ ਦੀ ਗੋਲਕ ਦੀ ਹਰ ਪਾਈ ਦਾ ਹਿਸਾਬ ਰੱਖਣਾ ਜ਼ਰੂਰੀ ਹੈ। ਸ਼੍ਰੋਮਣੀ ਕਮੇਟੀ ਦਾ ਇੱਕ ਪੈਨਲ ਬਜਟ ਤਿਆਰ ਕਰਦਾ ਹੈ ਤਾਂ ਜੋ ਗੋਲਕ ਵਿੱਚ ਆਉਣ ਵਾਲੇ ਪੈਸੇ ਦੀ ਸਹੀ ਵਰਤੋਂ ਕੀਤੀ ਜਾ ਸਕੇ।
ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਪੈਸਾ ਸੰਗਤ ਦਾ ਹੈ। ਇਸ ਲਈ ਲੋੜ ਹੈ ਕਿ ਸੰਗਤ ਆਪ ਹੀ ਤੈਅ ਕਰੇ ਕਿ ਇਸ ਪੈਸੇ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।