ਨਵੀਂ ਦਿੱਲੀ- ਦੇਸ਼ ਨੂੰ ਅੱਜ ਆਪਣਾ 15ਵਾਂ ਰਾਸ਼ਟਰਪਤੀ ਮਿਲ ਗਿਆ ਹੈ। ਦ੍ਰੋਪਦੀ ਮੁਰਮੂ ਨੇ ਤੀਜੇ ਦੌਰ ਦੀ ਗਿਣਤੀ ਦੇ ਨਾਲ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਐਨਡੀਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਗਿਣਤੀ ਦੇ ਤੀਜੇ ਗੇੜ ਦੇ ਅੰਤ ਵਿੱਚ ਕੁੱਲ ਜਾਇਜ਼ ਵੋਟਾਂ ਦਾ 50 ਫੀਸਦੀ ਅੰਕੜਾ ਪਾਰ ਕਰ ਲਿਆ ਹੈ, ਜੋ ਦੇਸ਼ ਦੀ ਅਗਲੀ ਰਾਸ਼ਟਰਪਤੀ ਬਣਨ ਲਈ ਕਾਫੀ ਹੈ।
ਤੀਜੇ ਗੇੜ ਵਿੱਚ ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਪੰਜਾਬ, ਮਿਜ਼ੋਰਮ, ਉੜੀਸਾ ਅਤੇ ਨਾਗਾਲੈਂਡ ਲਈ ਵੋਟਾਂ ਦੀ ਗਿਣਤੀ ਕੀਤੀ ਗਈ। ਤੀਜੇ ਗੇੜ ਵਿੱਚ, ਮੁਰਮੂ ਨੂੰ 812 ਡੈਲੀਗੇਟਾਂ ਦੀ ਵੋਟ ਮਿਲੀ ਜਿਨ੍ਹਾਂ ਦੀ ਵੋਟ ਦਾ ਮੁੱਲ 94478 ਹੈ, ਜਦਕਿ ਯਸ਼ਵੰਤ ਸਿਨਹਾ ਨੂੰ 531 ਡੈਲੀਗੇਟਾਂ ਦੀ ਵੋਟ ਮਿਲੀ ਜਿਨ੍ਹਾਂ ਦੀ ਵੋਟ ਦਾ ਮੁੱਲ 71186 ਹੈ। ਇਸ ਤਰ੍ਹਾਂ ਕੁੱਲ 3215 ਵੋਟਾਂ ਦੀ ਗਿਣਤੀ ਹੋਈ ਹੈ ਜਿਸ ਵਿੱਚ ਦ੍ਰੋਪਦੀ ਮੁਰਮੂ ਦੀਆਂ 2161 ਵੋਟਾਂ ਹਨ ਜਿਨ੍ਹਾਂ ਦੀ ਵੋਟ ਦਾ ਮੁੱਲ 838839 ਹੈ ਅਤੇ ਯਸ਼ਵੰਤ ਸਿਨਹਾ ਦੀਆਂ 2161 ਵੋਟਾਂ ਹਨ ਜਿਨ੍ਹਾਂ ਦੀ ਵੋਟ ਦਾ ਮੁੱਲ 261062 ਹੈ। ਇਸ ਤਰ੍ਹਾਂ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਬਣਨ ਲਈ ਜ਼ਰੂਰੀ ਬਹੁਮਤ ਹਾਸਲ ਕਰ ਲਿਆ ਹੈ।