ਵਾਸ਼ਿੰਗਟਨ/ ਇਸਲਾਮਾਬਾਦ, (ਰਾਜ ਗੋਗਨਾ )— ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਚ ਸਿੱਖਸ ਆਫ ਅਮੈਰੀਕਾ ਦਾ ਇਕ ਵਫ਼ਦ ਇਨ੍ਹੀਂ ਦਿਨੀਂ ਪਾਕਿਸਤਾਨ ਦੇ ਦੌਰੇ ਤੇ ਹੈ।ਇਸ ਦੌਰਾਨ ਇਸ ਵਫ਼ਦ ਵੱਲੋਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਜਨਾਬ ਰਾਣਾ ਸਨਾਉੱਲਾ ਅਤੇ ਫੈਡਰਲ ਮਨਿਸਟਰ ਅਹਿਸਾਨ ਇਕਬਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਵਫ਼ਦ ਵਿੱਚ ਜਸਦੀਪ ਸਿੰਘ ਜੱਸੀ ਦੇ ਨਾਲ ਸਾਜਿਦ ਤਰਾਰ, ਹਰੀ ਰਾਜ ਸਿੰਘ, ਰਤਨ ਸਿੰਘ, ਮੋਨਾ ਸਿੰਘ, ਸੋਨੀਆ ਸਿੰਘ ਅਤੇ ਹਰਮੀਤ ਕੌਰ ਵੀ ਸਨ। ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਇਸ ਦੌਰਾਨ ਬਹੁਤ ਹੀ ਅਹਿਮ ਮੁੱਦਿਆਂ ਤੇ ਗੱਲਬਾਤ ਹੋਈ ਉਨ੍ਹਾਂ ਦੱਸਿਆ ਕਿ ਮਨਿਸਟਰ ਸਾਹਿਬ ਨਾਲ ਸਿੱਖ ਸ਼ਰਧਾਲੂਆਂ ਲਈ ਆਨ ਅਰਾਈਵਲ ਵੀਜ਼ਾ ਵਰਗੇ ਵਿਸ਼ਿਆਂ ਤੇ ਬਹੁਤ ਹੀ ਖੁੱਲ੍ਹ ਕੇ ਵਿਚਾਰਾਂ ਹੋਈਆਂ। ਸ੍ਰ ਜੱਸੀ ਨੇ ਦੱਸਿਆ ਕਿ ਇਸ ਮੌਕੇ ਨਨਕਾਣਾ ਸਾਹਿਬ ਵਾਲ ਸਿਟੀ ਬਣਾਉਣ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ । ਜਿਸ ਵਿੱਚ ਪ੍ਰਸਤਾਵ ਰੱਖਿਆ ਗਿਆ ਕਿ ਇਸ ਸਿਟੀ ਵਿਚ ਰਹਿਣ ਲਈ ਸਿੱਖਾਂ ਨੂੰ ਰੈਜ਼ੀਡੈਂਸੀ ਕਾਰਡ ਦਿੱਤਾ ਜਾਵੇਗਾ ਤੇ ਉਹ ਇੱਥੇ ਆਪਣੇ ਘਰ ਵੀ ਖ਼ਰੀਦ ਸਕਣਗੇ ਉਨ੍ਹਾਂ ਦੱਸਿਆ ਮਨਿਸਟਰ ਸਾਹਿਬ ਨੇ ਉਨ੍ਹਾਂ ਦੇ ਸੁਝਾਵਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਸੁਣਿਆ ਅਤੇ ਪਾਕਿਸਤਾਨ ਸਰਕਾਰ ਤੱਕ ਪਹੁੰਚਾਉਣ ਦਾ ਪੂਰਾ ਵਾਅਦਾ ਕੀਤਾ।