ਜਿਊਰਿਖ- ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਵੱਲੋਂ ਜਾਰੀ ਕੀਤੇ ਗਏ ਸਾਲਾਨਾ ਅੰਕੜਿਆਂ ਮੁਤਾਬਕ ਸਾਲ 2021 ਵਿੱਚ ਭਾਰਤੀ ਕੰਪਨੀਆਂ ਅਤੇ ਵਿਅਕਤੀਆਂ ਵੱਲੋਂ ਜਮ੍ਹਾਂ ਕਰਵਾਈ ਗਈ ਰਕਮ ਇਸ ਸਾਲ 50 ਫੀਸਦੀ ਵਧ ਕੇ 30,500 ਕਰੋੜ ਰੁਪਏ ਹੋ ਗਈ ਹੈ। ਇਹ ਜਮ੍ਹਾਂ ਰਕਮ ਪਿਛਲੇ 14 ਸਾਲਾਂ ਵਿੱਚ ਸਭ ਤੋਂ ਵੱਧ ਹੈ। ਸਾਲ 2020 ਵਿੱਚ ਇਹ ਅੰਕੜਾ 20,700 ਕਰੋੜ ਰੁਪਏ ਸੀ। ਲਗਾਤਾਰ ਦੂਜੇ ਸਾਲ ਡਿਪਾਜ਼ਿਟ ’ਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਭਾਰਤੀਆਂ ਦੇ ਬੱਚਤ ਅਤੇ ਚਾਲੂ ਖਾਤਿਆਂ ਵਿੱਚ ਜਮ੍ਹਾਂ ਰਕਮ 4,800 ਕਰੋੜ ਰੁਪਏ ਦੇ ਸੱਤ ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚ ਗਈ ਹੈ। ਹਾਲਾਂਕਿ, ਪਹਿਲੇ ਦੋ ਸਾਲਾਂ ਵਿੱਚ ਇਸ ਵਿੱਚ ਗਿਰਾਵਟ ਦਾ ਰੁਝਾਨ ਸੀ। ਸਵਿਸ ਨੈਸ਼ਨਲ ਬੈਂਕ ਨੇ ਕਿਹਾ ਹੈ ਕਿ 2021 ਦੇ ਅੰਤ ਤੱਕ ਭਾਰਤੀ ਗਾਹਕਾਂ ਦੀਆਂ 30,839 ਕਰੋੜ ਰੁਪਏ ਦੀਆਂ ਦੇਣਦਾਰੀਆਂ ਸਨ। ਇਸ ’ਚ ਖਾਤੇ ’ਚ 4,800 ਕਰੋੜ ਰੁਪਏ ਜਮ੍ਹਾ ਹੋਏ ਹਨ। 2020 ਵਿੱਚ ਇਹ 4,000 ਕਰੋੜ ਰੁਪਏ ਸੀ। ਹੋਰ ਬੈਂਕਾਂ ਦੁਆਰਾ 9,760 ਕਰੋੜ ਰੁਪਏ ਜਮ੍ਹਾ ਕੀਤੇ ਗਏ ਸਨ, ਜੋ ਕਿ 2020 ਵਿੱਚ 3,064 ਕਰੋੜ ਰੁਪਏ ਤੋਂ ਵੱਧ ਹਨ। ਟਰੱਸਟ ਵੱਲੋਂ 2.40 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਸਨ।