ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੀਆਂ ਤਿੰਨਾਂ ਫੌਜਾਂ ਦੇ ਲਈ ਭਰਤੀ ਦੀ ‘ਅਗਨੀਪਥ’ ਨੀਤੀ ਦੀ ਦੋਬਾਰਾ ਸਮੀਖਿਆ ਕਰਨ ਦਾ ਸੁਝਾਅ ਦਿੱਤਾ ਅਤੇ ਮੱਤਭੇਦ ਦਿਖਾਏ ਹਨ। ਇੱਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਇਹ ਨੀਤੀ ਰੈਜੀਮੈਂਟਾਂ ਵਿਚਲੀ ਲੰਬੇ ਸਮੇਂ ਤੋਂ ਮੌਜੂਦ ਵਿਭਿੰਨਤਾ ਨੂੰ ਕਮਜ਼ੋਰ ਕਰੇਗੀ ਅਤੇ ਇੱਕ ਸਿਪਾਹੀ ਲਈ ਚਾਰ ਸਾਲ ਦੀ ਸੇਵਾ ਬਹੁਤ ਘੱਟ ਸਮਾਂ ਹੈ”। ਉਨ੍ਹਾਂ ਹੈਰਾਨੀ ਨਾਲ ਕਿਹਾ ਕਿ ਭਾਰਤ ਸਰਕਾਰ ਨੂੰ ਭਰਤੀ ਨੀਤੀ ਵਿੱਚਇਹ ਬੁਨਿਆਦੀ ਬਦਲਾਅ ਕਰਨ ਦੀ ਲੋੜ ਕਿਉਂ ਪਈ, ਜਦ ਕਿ ਫੌਜ ਆਪਣੇ ਦੇਸ਼ ਲਈ ਇੰਨੇ ਸਮੇਂ ਤੋਂ ਸੋਹਣਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤਿੰਨ ਸਾਲ ਦੀ ਪ੍ਰਭਾਵਸ਼ਾਲੀ ਸੇਵਾ ਦੇ ਨਾਲ ਕੁੱਲ ਚਾਰ ਸਾਲਾਂ ਲਈ ਜਵਾਨਾਂ ਨੂੰ ਭਰਤੀ ਕਰਨਾ ਫੌਜੀ ਪੱਖ ਤੋਂ ਚੰਗਾ ਵਿਚਾਰ ਨਹੀਂ ਹੈ।