ਨਿਵਾੜੀ- ਸ਼ਰਾਬਬੰਦੀ ਬਾਰੇ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਦੇ ਤੇਵਰ ਤਿੱਖੇ ਬਣੇ ਹੋਏ ਹਨ। ਉਸ ਨੇ ਪਹਿਲਾਂ ਸ਼ਰਾਬ ਦੀ ਦੁਕਾਨ ਉੱਤੇ ਪੱਥਰ ਸੁੱਟਿਆ ਤੇ ਬੁੰਦੇਲਖੰਡ ਦੀ ਅਯੁੱਧਿਆ ਕਹੇ ਜਾਣ ਵਾਲੇ ਨਿਵਾੜੀ ਜ਼ਿਲ੍ਹੇ ਦੇ ਓਰਛਾ ਵਿੱਚ ਸ਼ਰਾਬ ਦੀ ਦੁਕਾਨ ਉੱਤੇ ਗਾਂ ਦਾ ਗੋਹਾ ਸੁੱਟਿਆ ਹੈ।
ਮਾਮਲਾ ਨਿਵਾੜੀ ਜ਼ਿਲ੍ਹੇ ਵਿੱਚ ਸਥਿਤ ਰਾਮ ਦੀ ਨਗਰੀ ਓਰਛਾ ਦਾ ਹੈ। ਇੱਥੇ ਉਮਾ ਭਾਰਤੀ ਬੀਤੇ ਦਿਨੀਂ ਦਰਸ਼ਨ ਕਰਨ ਗਈ ਤਾਂ ਇਸੇ ਦੌਰਾਨ ਉਸ ਨੂੰ ਰਸਤੇ ਵਿੱਚ ਸ਼ਰਾਬ ਦੀ ਦੁਕਾਨ ਦਿੱਸ ਪਈ ਤਾਂ ਉਨ੍ਹਾਂ ਨੇ ਉਸ ਦੁਕਾਨ ਉੱਤੇ ਗੋਹਾ ਸੁੱਟਿਆ। ਇਸ ਮਾਮਲੇ ਨੇ ਭੋਪਾਲ ਵਿੱਚ ਸ਼ਰਾਬ ਦੀ ਦੁਕਾਨ ਉੱਤੇ ਪੱਥਰ ਚਲਾਉਣ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ। ਉਮਾ ਭਾਰਤੀ ਨੇ ਖੁਦ ਟਵੀਟ ਕਰ ਕੇ ਲਿਖਿਆ ਹੈ ਕਿ ਮੈਨੂੰ ਅੱਜ ਇੱਕ ਦੁਖਦਾਈ ਜਾਣਕਾਰੀ ਮਿਲੀ ਕਿ ਅਯੁੱਧਿਆ ਦੇ ਬਰਾਬਰ ਪਵਿੱਤਰ ਮੰਨੀ ਜਾਣ ਵਾਲੀ ਓਰਛਾ ਨਗਰੀ ਵਿੱਚ ਜਦ ਰਾਮ ਨੌਮੀ ਉੱਤੇ ਦੀਪਮਾਲਾ ਹੋਈ, ਪੰਜ ਲੱਖ ਦੀਵੇ ਜਗਾਏ, ਤਦ ਵੀ ਇਹ ਸ਼ਰਾਬ ਦੀ ਦੁਕਾਨ ਉਸ ਪਵਿੱਤਰ ਦਿਨ ਉੱਤੇ ਖੁੱਲ੍ਹੀ ਹੋਈ ਸੀ। ਉਨ੍ਹਾਂ ਨੇ ਲਿਖਿਆ, ਅੱਜ ਜਦ ਮੈਂ ਕੁਝ ਲੋਕਾਂ ਤੋਂ ਪੁੱਛਿਆ ਕਿ ਇਹ ਤੁਹਾਡੀ ਕਿੱਦਾਂ ਦੀ ਰਾਮ ਭਗਤੀ ਹੈ ਕਿ ਰਾਮ ਨਗਰੀ ਦੇ ਦਰਵਾਜ਼ੇ ਉੱਤੇ ਆਉਂਦੇ ਜਾਂਦੇ ਸੈਲਾਨੀਆਂ ਨੂੰ ਸ਼ਰਾਬ ਪੀਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਤਾਂ ਮੈਨੂੰ ਜਾਣਕਾਰੀ ਮਿਲੀ ਕਿ ਸਾਡੀ ਵਿਚਾਰਧਾਰਾ ਨਾਲ ਜੁੜੇ ਸਾਰੇ ਸੰਗਠਨਾਂ ਦੇ ਲੋਕਾਂ ਨੇ ਇਸ ਦੁਕਾਨ ਨੂੰ ਬੰਦ ਕਰਨ ਲਈ ਧਰਨਾ ਪ੍ਰਦਰਸ਼ਨ ਕੀਤੇ ਸਨ, ਫਿਰ ਵੀ ਦੁਕਾਨ ਖੁੱਲ੍ਹ ਗਈ। ਰਾਮ ਨੌਮੀ ਉੱਤੇ ਵੀ ਖੁੱਲ੍ਹੀ ਸੀ, ਅੱਜ ਵੀ ਖੁੱਲ੍ਹੀ ਹੋਈ ਹੈ ਮੈਨੂੰ ਆਪਣੇ ਆਪ ਉੱਤੇ ਸ਼ਰਮ ਆ ਰਹੀ ਹੈ। ਦੁਕਾਨ ਉੱਤੇ ਗੋਹਾ ਸੁੱਟਣ ਦਾ ਜ਼ਿਕਰ ਕਰਦੇ ਹੋਏ ਉਮਾ ਭਾਰਤੀ ਨੇ ਲਿਖਿਆ, ਪਵਿੱਤਰ ਗਊਸ਼ਾਲਾ ਦੀ ਗਾਂ ਦਾ ਥੋੜ੍ਹਾ ਜਿਹਾ ਗੋਹਾ ਮੈਂ ਸ਼ਰਾਬ ਦੀ ਦੁਕਾਨ ਉੱਤੇ ਛਿੜਕ ਦਿੱਤਾ ਹੈ, ਮੈਂ ਭੋਪਾਲ ਪਹੁੰਚ ਕੇ ਇਸ ਵਿਸ਼ੇ ਉੱਤੇ ਸਾਰਿਆਂ ਨਾਲ ਸੰਪਰਕ ਕਰਾਂਗੀ।