ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਯੂਕਰੇਨ ਵਿੱਚ ਹੋ ਰਹੇ ਵਾਰ ਕ੍ਰਾਈਮਜ਼ ਦੀ ਜਾਂਚ ਲਈ ਕੈਨੇਡਾ ਮਦਦ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਜਾਣਬੁੱਝ ਕੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਰੂਸ ਦੀਆਂ ਫੌਜਾਂ ਵੱਲੋਂ ਗੁਆਂਢੀ ਮੁਲਕਾਂ ਉੱਤੇ ਵੀ ਹਮਲੇ ਕੀਤੇ ਜਾ ਰਹੇ ਹਨ।
ਇੱਕ ਇੰਟਰਵਿਊ ਵਿੱਚ ਟਰੂਡੋ ਨੇ ਆਖਿਆ ਕਿ ਯੂਕਰੇਨ ਦੇ ਸ਼ਹਿਰ ਬੁੱਚਾ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਉਨ੍ਹਾਂ ਆਖਿਆ ਕਿ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਪੁਤਿਨ ਸੋਚ ਸਮਝ ਕੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਫਿਰ ਭਾਵੇਂ ਉਹ ਹਸਪਤਾਲ ਹੋਣ, ਟਰੇਨ ਸਟੇਸ਼ਨਜ਼ ਹੋਣ ਜਾਂ ਫਿਰ ਮੈਟਰਨਿਟੀ ਵਾਰਡ ਹੀ ਕਿਉਂ ਨਾ ਹੋਵੇ। ਟਰੂਡੋ ਨੇ ਅੱਗੇ ਆਖਿਆ ਕਿ ਇਸੇ ਲਈ ਕੈਨੇਡਾ ਉਨ੍ਹਾਂ ਮੁਲਕਾਂ ਵਿੱਚੋਂ ਪਹਿਲਾ ਹੈ ਜਿਨ੍ਹਾਂ ਨੇ ਪੁਤਿਨ ਦੇ ਇਨ੍ਹਾਂ ਵਾਰ ਕ੍ਰਾਈਮਜ਼ ਦੀ ਜਾਂਚ ਲਈ ਕੌਮਾਂਤਰੀ ਕ੍ਰਿਮੀਨਲ ਕੋਰਟ ਕੋਲ ਮੰਗ ਉਠਾਈ ਹੈ।