ਟੋਕੀਓ ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਇਹ ਪੁਰਸਕਾਰ ਵੱਖ-ਵੱਖ ਵਿਸ਼ਿਆਂ ਅਤੇ ਗਤੀਵਿਧੀਆਂ ਜਿਵੇਂ ਕਿ ਕਲਾ, ਸਮਾਜਿਕ ਕਾਰਜ, ਜਨਤਕ ਮਾਮਲੇ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ ਅਤੇ ਉਦਯੋਗ, ਦਵਾਈ, ਸਾਹਿਤ ਅਤੇ ਸਿੱਖਿਆ, ਖੇਡਾਂ, ਸਿਵਲ ਸੇਵਾ ਆਦਿ ਦੇ ਖੇਤਰਾਂ ਵਿੱਚ ਦਿੱਤੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ ਵਿੱਚ ਨੀਰਜ ਚੋਪੜਾ ਨੇ 87.58 ਮੀਟਰ ਦੂਰ ਜੈਵਲਿਨ ਸੁੱਟ ਕੇ ਇਤਿਹਾਸ ਰਚ ਦਿੱਤਾ ਸੀ। ਉਸ ਨੇ ਸੋਨ ਤਗਮਾ ਆਪਣੇ ਨਾਮ ਕੀਤਾ ਸੀ। ਨੀਰਜ ਚੋਪੜਾ ਓਲੰਪਿਕ ਵਿੱਚ ਵਿਅਕਤੀਗਤ ਸੋਨ ਤਗਮਾ ਜਿੱਤਣ ਵਾਲੇ ਦੂਜੇ ਭਾਰਤੀ ਬਣ ਗਏ ਹਨ । ਉਨ੍ਹਾਂ ਤੋਂ ਪਹਿਲਾਂ ਅਭਿਨਵ ਬਿੰਦਰਾ ਨੇ ਨਿਸ਼ਾਨੇਬਾਜ਼ੀ ਵਿੱਚ ਭਾਰਤ ਲਈ ਸੋਨ ਤਗਮਾ ਜਿੱਤਿਆ ਸੀ। ਅਭਿਨਵ ਬਿੰਦਰਾ ਨੇ 2008 ਬੀਜਿੰਗ ਓਲੰਪਿਕ ਵਿੱਚ ਇਹ ਉਪਲਬਧੀ ਹਾਸਿਲ ਕੀਤੀ ਸੀ।