ਰੂਸੀ ਫੌਸਿਲ ਫਿਊਲ ਦੀ ਥਾਂ ਲੈਣ ਲਈ ਇਸ ਸਾਲ ਦੇ ਅੰਤ ਤੱਕ ਕੈਨੇਡਾ ਦੇ ਉਤਪਾਦਕ ਰੋਜ਼ਾਨਾ ਤੇਲ ਤੇ ਗੈਸ ਉਤਪਾਦਨ ਵਿੱਚ 300,000 ਬੈਰਲ ਦਾ ਵਾਧਾ ਕਰ ਸਕਦੇ ਹਨ। ਇਹ ਜਾਣਕਾਰੀ ਨੈਚੂਰਲ ਰਿਸੋਰਸਿਜ਼ ਮੰਤਰੀ ਜੌਨਾਥਨ ਵਿਲਕਿੰਸਨ ਨੇ ਦਿੱਤੀ।
ਪੈਰਿਸ ਵਿੱਚ ਇੰਟਰਨੈਸ਼ਨਲ ਐਨਰਜੀ ਏਜੰਸੀ ਮੀਟਿੰਗ ਦੇ ਅੰਤ ਵਿੱਚ ਗੱਲ ਕਰਦਿਆਂ ਵਿਲਕਿੰਸਨ ਨੇ ਆਖਿਆ ਕਿ ਇਸ ਦਾ ਦੋ ਤਿਹਾਈ ਤੇਲ ਹੋਵੇਗਾ ਤੇ ਬਾਕੀ ਨੈਚੂਰਲ ਗੈਸ ਹੋਵੇਗੀ। ਵਿਲਕਿੰਸਨ ਨੇ ਆਖਿਆ ਕਿ ਕੈਨੇਡਾ ਦੇ ਯੂਰਪੀ ਦੋਸਤ ਤੇ ਸਹਿਯੋਗੀ ਇਸ ਸਮੇਂ ਐਨਰਜੀ ਸਕਿਊਰਿਟੀ ਸੰਕਟ ਵਿੱਚੋਂ ਲੰਘ ਰਹੇ ਹਨ ਜਿਸ ਕਾਰਨ ਇੰਡਸਟਰੀ, ਮੋਬਿਲਿਟੀ ਤੇ ਘਰਾਂ ਨੂੰ ਨਿੱਘਾ ਰੱਖਣ ਉੱਤੇ ਅਸਰ ਪੈ ਸਕਦਾ ਹੈ।ਇਸ ਸੰਕਟ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ।
ਯੂਕਰੇਨ ਉੱਤੇ ਕੀਤੀ ਗਈ ਚੜ੍ਹਾਈ ਬਦਲੇ ਰੂਸ ਨੂੰ ਸਜ਼ਾ ਦੇਣ ਦੇ ਇਰਾਦੇ ਨਾਲ ਲਾਈਆਂ ਜਾ ਰਹੀਆਂ ਆਰਥਿਕ ਪਾਬੰਦੀਆਂ ਦੇ ਹਿੱਸੇ ਵਜੋਂ ਪੱਛਮੀ ਦੇਸ਼ ਵੀ ਰੂਸ ਦੇ ਤੇਲ ਤੇ ਗੈਸ ਉੱਤੇ ਕਿਸੇ ਕਿਸਮ ਦੀ ਨਿਰਭਰਤਾ ਨੂੰ ਖ਼ਤਮ ਕਰਨ ਦੀ ਕੋਸਿ਼ਸ਼ ਕਰ ਰਹੇ ਹਨ। ਕੈਨੇਡਾ ਤੇ ਅਮਰੀਕਾ ਅਜਿਹਾ ਆਸਾਨੀ ਨਾਲ ਕਰ ਸਕਦੇ ਹਨ ਕਿਉਂਕਿ ਉਹ ਤੇਲ ਤੇ ਗੈਸ ਦਾ ਬਹੁਤ ਘੱਟ ਇੰਪੋਰਟ ਕਰਦੇ ਹਨ। ਪਰ ਯੂਰਪ ਇੱਕ ਚੌਥਾਈ ਤੇਲ ਸਪਲਾਈ ਤੇ 40 ਫੀ ਸਦੀ ਗੈਸ ਦੀ ਸਪਲਾਈ ਲਈ ਰੂਸ ਉੱਤੇ ਨਿਰਭਰ ਕਰਦਾ ਹੈ।