ਅਲਬਰਟਾ – ਕੈਨੇਡਾ ਨੇ ਗੈਂਗ ਹਿੰਸਾ ਨੂੰ ਰੋਕਣ ਲਈ 190 ਮਿਲੀਅਨ ਡਾਲਰ ਦਾ ਫੰਡ ਸ਼ੁਰੂ ਕੀਤਾ ਹੈ ਜਿਸ ਨਾਲ ਸਰਹੱਦ ’ਤੇ ਬੰਦੂਕਾਂ ਦੀ ਤਸਕਰੀ ਨੂੰ ਰੋਕਣ ਲਈ ਮਹੱਤਵਪੂਰਨ ਰਕਮ ਰੱਖੀ ਗਈ ਹੈ। ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸੀਨੋ ਨੇ ਬੁੱਧਵਾਰ ਨੂੰ ਇਸ ਗੱਲ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਫੰਡ ਦੀ ਵਰਤੋਂ ਨਗਰਪਾਲਿਕਾਵਾਂ ਅਤੇ ਸਵਦੇਸ਼ੀ ਕਮਿਊਨਿਟੀਆਂ ਦੀ ਬੰਦੂਕ ਅਤੇ ਗੈਂਗ ਹਿੰਸਾ ਨੂੰ ਰੋਕਣ ਅਤੇ ਵਾਰਦਾਤਾਂ ਲਈ ਵਰਤੇ ਜਾਣ ਵਾਲੇ ਹਥਿਆਰਾਂ ਦੇ 1500 ਤੋਂ ਵੱਧ ਮਾਡਲਾਂ ’ਤੇ ਪਾਬੰਦੀ ਲਾਉਣ ਲਈ ਕੀਤੀ ਜਾਵੇਗੀ।
ਕੈਨੇਡਾ ਵਿਚ 2009 ਤੋਂ ਲੈ ਕੇ ਹੁਣ ਤੱਕ ਬੰਦੂਕ ਹਿੰਸਾ ਨਾਲ ਸੰਬੰਧਤ ਘਟਨਾਵਾਂ ਵਿਚ 81 ਫੀਸਦੀ ਵਾਧਾ ਹੋਇਆ ਹੈ ਪਰ ਅਮਰੀਕਾ ਦੇ ਮੁਕਾਬਲੇ ਬੰਦੂਕ ਦੀ ਮਾਲਕੀ ਦਾ ਪੱਧਰ ਘੱਟਿਆ ਹੈ। ਛੋਟੇ ਹਥਿਆਰਾਂ ਦੇ ਸਰਵੇਖਣ ਅਨੁਸਾਰ ਕੈਨੇਡਾ ਵਿਚ ਪ੍ਰਤੀ 100 ਵਿਅਕਤੀਆਂ ਪਿੱਛੇ 31 ਹਥਿਆਰ ਹਨ ਜਦੋਂਕਿ ਅਮਰੀਕਾ ਵਿਚ 100 ਵਸਨੀਕਾਂ ਪਿੱਛੇ 89 ਹਥਿਆਰ ਹਨ। ਮੈਂਡੀਸੀਨੋ ਨੇ ਕਿਹਾ ਕਿ ਸਰਕਾਰ ਕਮਿਊਨਿਟੀਆਂ ਨੂੰ ਸੁਰੱਖਿਅਤ ਰੱਖਣ ਲਈ ਲਿਬਰਲ ਸਰਕਾਰ ਦੇ ਯਤਨਾਂ ਦੇ ਹਿੱਸੇ ਵਜੋਂ ਸੜਕਾਂ ਤੋਂ ਨਵੀਆਂ ਮਨਾਹੀ ਵਾਲੀਆਂ ਬੰਦੂਕਾਂ ਨੂੰ ਪ੍ਰਾਪਤ ਕਰਨ ਲਈ ਇਕ ਲਾਜ਼ਮੀ ਖਰੀਦ ਬੈਕ ਪ੍ਰੋਗਰਾਮ ਸ਼ੁਰੂ ਕਰੇਗੀ।