ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ) -ਸਕਾਟਲੈਂਡ ਵਿੱਚ 1801 ਤੋਂ ਲੈ ਕੇ ਹਰ ਦਸ ਸਾਲ ਬਾਅਦ ਮਰਦਮਸ਼ੁਮਾਰੀ ਕਰਵਾਈ ਜਾਂਦੀ ਹੈ। 1941 ਵਿੱਚ ਦੂਜੀ ਸੰਸਾਰ ਜੰਗ ਦੇ ਚੱਲਦੇ ਅਤੇ 2021 ਵਿੱਚ ਕੋਵਿਡ19 ਮਹਾਮਾਰੀ ਦੇ ਕਾਰਨ ਇਸ ਨੂੰ ਇੱਕ ਸਾਲ ਲਈ ਅੱਗੇ ਪਾ ਦਿੱਤਾ ਗਿਆ ਸੀ। ਸਕਾਟਲੈਂਡ ਦੇ ਲੱਗਭੱਗ 25 ਲੱਖ ਘਰਾਂ ਵਿੱਚ ਰਹਿੰਦੇ ਲੱਗਭੱਗ 55 ਲੱਖ ਲੋਕਾਂ ਨੂੰ ਡਾਕ ਰਾਹੀ ਜਨਗਣਨਾ ਪ੍ਰਸ਼ਨ ਪੱਤਰ ਭੇਜੇ ਜਾ ਚੁੱਕੇ ਹਨ ਅਤੇ 20 ਮਾਰਚ ਜਣਗਣਨਾ ਦਿਵਸ ਵਾਲੇ ਦਿਨ ਤੱਕ ਇਨ੍ਹਾਂ ਨੂੰ ਵਾਪਸ ਭੇਜਣਾ ਹੋਵੇਗਾ ਜਾਂ ਡਾਕ ਪੱਤਰ ਵਿੱਚ ਇੱਕ ਖਾਸ ਕੋਡ ਦਿੱਤਾ ਗਿਆ ਹੈ। ਜਿਸ ਨੂੰ ਦਿੱਤੇ ਹੋਏ ਵੈਬਸਾਇਟ ਲਿੰਕ ‘ਤੇ ਭਰ ਕੇ ਜਨਗਣਨਾ ਪ੍ਰਸ਼ਨ ਪੱਤਰ ਖੁੱਲ ਜਾਵੇਗਾ ਅਤੇ ਆਨਲਾਇਨ ਵੀ ਭਰਿਆ ਜਾ ਸਕਦਾ ਹੈ। ਇਸ ਫਾਰਮ ਨੂੰ ਨਾ ਭਰਨ ਦੀ ਸੂਰਤ ਵਿੱਚ, ਲਾਜ਼ਮੀ ਸਵਾਲ ਦਾ ਜਵਾਬ ਦੇਣ ਤੋਂ ਅਣਗਹਿਲੀ ਕਰਨਾ, ਗਲਤ ਜਵਾਬ ਦੇਣਾ ਜਾਂ ਝੂਠੇ ਦਸਤਾਵੇਜ਼ ‘ਤੇ ਦਸਤਖ਼ਤ ਕਰਨਾ ਆਦਿ ਸਾਰੇ ਕਾਰਨਾਂ ਕਾਰਨ ਜੁਰਮਾਨਾ ਜਾਂ ਮੁਕੱਦਮਾ ਚਲਾਇਆ ਜਾ ਸਕਦਾ ਹੈ। ਸਕਾਟਿਸ਼ ਲੋਕ 20 ਮਾਰਚ ਤੱਕ ਇਸ ਫ਼ਾਰਮ ਨੂੰ ਭਰ ਸਕਦੇ ਹਨ, ਜਿਸ ਵਿਚ ਲੋਕਾਂ ਦੀ ਰਿਹਾਇਸ਼ ਦੀਆਂ ਕਿਸਮਾਂ, ਘਰੇਲੂ ਸਬੰਧਾਂ, ਉਮਰ, ਲਿੰਗ, ਸਿਹਤ ਅਤੇ ਰੁਜ਼ਗਾਰ ਦੀ ਸਥਿਤੀ ਸ਼ਾਮਲ ਹੈ। ਇੱਥੇ ਇਹ ਦੱਸਣਯੋਗ ਹੈ ਕਿ ਮਰਦਮਸ਼ੁਮਾਰੀ ਰਾਹੀਂ ਵੱਖ-ਵੱਖ ਭਾਸ਼ਾਵਾਂ ਬੋਲਦੇ ਲੋਕਾਂ ਦਾ ਅੰਕੜਾ ਵੀ ਇਕੱਤਰ ਹੁੰਦਾ ਹੈ। ਪੰਜਾਬੀ ਸਾਹਿਤ ਸਭਾ ਗਲਾਸਗੋ ਜੋ ਕਿ ਸਕਾਟਲੈਂਡ ਵਿੱਚ ਪੰਜਾਬੀ ਭਾਸ਼ਾ ਦੇ ਪਸਾਰ ਲਈ ਨਿਰੰਤਰ ਕਾਰਜਸ਼ੀਲ ਹੈ ਅਤੇ ਪੰਜਾਬੀ ਭਾਸ਼ਾ ਸੰਬੰਧੀ ਮਨੋਰੰਜਕ ਪ੍ਰੋਗਰਾਮ, ਸਾਹਿਤ ਪ੍ਰਦਰਸ਼ਨੀਆਂ, ਮੁਸ਼ਾਇਰੇ ਅਤੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਸੰਬੰਧੀ ਉਤਸ਼ਾਹਿਤ ਕਰਨ ਆਦਿ ਪ੍ਰੋਗਰਾਮ ਹਰ ਸਾਲ ਕਰਵਾਉਂਦੀ ਹੈ। ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਮੈਂਬਰਾਂ ਦਿਲਬਾਗ ਸੰਧੂ, ਦਲਜੀਤ ਸਿੰਘ ਦਿਲਬਰ, ਤਰਲੋਚਨ ਮੁਠੱਡਾ,ਕਮਲਜੀਤ ਕੌਰ ਮਿਨਹਾਸ, ਸ਼ਾਇਰ ਅਮਨਦੀਪ ਅਮਨ, ਜਗਦੀਸ਼ ਸਿੰਘ, ਡਾ: ਇੰਦਰਜੀਤ ਸਿੰਘ, ਸੁਖਰਾਜ ਢਿੱਲੋ, ਹਰਜੀਤ ਪੁਆਦੜਾ, ਸੁਖਦੇਵ ਰਾਹੀ ਅਤੇ ਸਭਾ ਦੇ ਪ੍ਰਧਾਨ ਦਿਲਾਵਰ ਸਿੰਘ ਬੜਿੰਗ ਨੇ ਮੀਟਿੰਗ ਕਰਕੇ ਸਕਾਟਲੈਂਡ ਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭਾਸ਼ਾ ਦੇ 16ਵੇਂ ਕਾਲਮ ਵਿੱਚ ਆਪਣੀ ਭਾਸ਼ਾ ਪੰਜਾਬੀ ਜ਼ਰੂਰ ਲਿਖਣ ਤਾਂ ਜੋ ਪੰਜਾਬੀ ਭਾਸ਼ਾ ਨੂੰ ਸਕਾਟਲੈਂਡ ਵਿੱਚ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ ਅਤੇ ਖਾਸ ਦਰਜਾ ਪ੍ਰਾਪਤ ਕੀਤਾ ਜਾ ਸਕੇ।