ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਸਤੀਫ਼ਾ ਦੇ ਚੁੱਕੇ ਹਨ। ਕਾਂਗਰਸ ਪਾਰਟੀ ਅੰਦਰ ਨਵਾਂ ਸੂਬਾ ਪ੍ਰਧਾਨ ਚੁਣਨ ਦੀ ਕਵਾਇਦ ਤੇਜ਼ ਹੋ ਗਈ ਹੈ। ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਣੇ ਸੂਬਾ ਪ੍ਰਧਾਨ ਬਣਨ ਦੀ ਰੇਸ ਵਿੱਚ ਕਈ ਵੱਡੇ ਚਿਹਰੇ ਸ਼ਾਮਲ ਹਨ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਗੂ ਦੇ ਨਾਂ ‘ਤੇ ਵੀ ਜਲਦ ਹੀ ਮੋਹਰ ਲਗਾ ਸਕਦੀ ਹੈ।
ਕਾਂਗਰਸ ਪਾਰਟੀ ਸੂਬਾ ਪ੍ਰਧਾਨ ਚੁਣਨ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇਤਾ ਦੀ ਚੋਣ ਕਰੇਗੀ। ਰਾਜ ਸਭਾ ਸਾਂਸਦ ਤੇ ਕਾਦੀਆਂ ਸੀਟ ਤੋਂ ਵਿਧਾਇਕ ਚੁਣੇ ਗਏ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਵਿਰੋਧੀ ਧਿਰ ਨੇਤਾ ਬਣਨ ਦੀ ਰੇਸ ਵਿੱਚ ਸਭ ਤੋਂ ਅੱਗੇ ਹੈ। ਪ੍ਰਤਾਪ ਬਾਜਵਾ ਨੂੰ ਗਾਂਧੀ ਪਰਿਵਾਰ ਦਾ ਕਰੀਬੀ ਮੰਨਿਆ ਜਾਂਦਾ ਹੈ। ਬਾਜਵਾ ਦੀ ਰਾਜ ਸਭਾ ਮੈਂਬਰਸ਼ਿਪ 9 ਅਪ੍ਰੈਲ ਨੂੰ ਖਤਮ ਹੋ ਰਹੀ ਹੈ ਤੇ ਹੁਣ ਉਹ ਰਾਜ ਵਿੱਚ ਰਹਿ ਕੇ ਹੀ ਸਿਆਸਤ ਕਰਨਗੇ।