ਜਲੰਧਰ (ਸੁਖਵਿੰਦਰ ਸਿੰਘ)- ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਹਲਚਲ ਸ਼ੁਰੂ ਹੋ ਗਈ ਹੈ। ਦੇਰ ਰਾਤ ਭਾਜਪਾ ਨੇ ਪਾਰਟੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਸੀ। ਜਿਸ ਤੋਂ ਬਾਅਦ ਅੱਜ ‘ਆਪ ‘ਪਾਰਟੀ ਨੇ ਵੀ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਜਾਰੀ ਹੋਣ ਤੋਂ ਬਾਅਦ ਪੱਛਮੀ ਹਲਕੇ ਵਿੱਚ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਆਪਣੇ ਆਪ ਨੂੰ ਵਾਰਡ ਨੰ: 43 ਤੋਂ ‘ਆਪ’ ਆਗੂ ਕਹਾਉਣ ਵਾਲੇ ਰਮਨ ਬੰਟੀ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਪੁੱਤਰ ਅਤੁਲ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਕੈਬਨਿਟ ਮੰਤਰੀ ਦੇ ਪੁੱਤਰ ਨੂੰ ਪਾਰਟੀ ਨੇ ਕਿਹੜਾ ਅਧਿਕਾਰ ਦਿੱਤਾ ਹੈ ਕਿ ਉਹ ਸਵੇਰੇ ਕਿਸੇ ਨੂੰ ਪਾਰਟੀ ਵਿਚ ਸ਼ਾਮਿਲ ਕਰਦਾ ਹੈ ਅਤੇ ਕੁਝ ਘੰਟਿਆਂ ਬਾਅਦ ਉਸਨੂੰ ਪਾਰਟੀ ਦੀ ਟਿਕਟ ਮਿਲ ਜਾਂਦੀ ਹੈ।
ਇਸ ਕਾਰਨ ਰਮਨ ਬੰਟੀ ਨੇ ਸੋਸ਼ਲ ਮੀਡੀਆ ‘ਤੇ ‘ਆਪ’ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਅਤੇ ਦਫਤਰ ‘ਚ ‘ਆਪ’ ਪਾਰਟੀ ਦੇ ਪੋਸਟਰ ਵੀ ਪਾੜ ਦਿੱਤੇ ਹਨ। ਬੰਟੀ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਸਮਾਜ ਦੀ ਸੇਵਾ ਕਰਦੇ ਰਹਿਣਗੇ। ਜਦੋਂਕਿ ਬੰਟੀ ਨੇ ਇਸ ਚੋਣ ਵਿੱਚ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋਣ ਦਾ ਐਲਾਨ ਕਰਦਿਆਂ ਚੋਣ ਜਿੱਤਣ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ।