ਸੀਪੀਆਈ(ਐਮ), ਸੀਪੀਆਈ ਅਤੇ ਸੀਪੀਆਈ(ਐਮਐਲ) ਲਿਬਰੇਸ਼ਨ ਵੱਲੋਂ 7 ਅਕਤੂਬਰ ਦਾ ਦਿਨ ਪੰਜਾਬ ’ਚ ਗਾਜ਼ਾ ਵਿੱਚ ਜੰਗਬੰਦੀ ਦੀ ਮੰਗ ਅਤੇ ਫ਼ਲਸਤੀਨ ਨਾਲ ਇੱਕਮੁਠਤਾ ਵਜੋਂ ਮਨਾਇਆ ਜਾਵੇਗਾ । ਸੀਪੀਆਈ(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਅਤੇ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖ਼ਤੂਪੁਰਾ ਵੱਲੋਂ ਜਾਰੀ ਕੀਤੇ ਸਾਂਝੇ ਬਿਆਨ ’ਚ ਇਹ ਐਲਾਨ ਕੀਤਾ। ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਸੀਪੀਆਈ(ਐਮ), ਸੀਪੀਆਈ, ਸੀਪੀਆਈ(ਐਮਐਲ) ਲਿਬਰੇਸ਼ਨ, ਆਲ ਇੰਡੀਆ ਫਾਰਵਰਡ ਬਲਾਕ ਅਤੇ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਆਗੂਆਂ ਨੇ ਬਿਆਨ ਜਾਰੀ ਕਰਦਿਆਂ ਸੱਦਾ ਦਿੱਤਾ ਸੀ ਕਿ 7 ਅਕਤੂਬਰ ਦਾ ਦਿਨ ਗਾਜ਼ਾ ਵਿੱਚ ਜੰਗਬੰਦੀ ਦੀ ਮੰਗ ਅਤੇ ਫ਼ਲਸਤੀਨ ਨਾਲ ਇੱਕਮੁਠਤਾ ਵਜੋਂ ਮਨਾਇਆ ਜਾਵੇਗਾ । ਪੰਜਾਬ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਦੇ ਇਸ ਸੱਦੇ ਦੇ ਤਹਿਤ ਹੀ 7 ਅਕਤੂਬਰ ਨੂੰ ਇਹ ਐਕਸ਼ਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਨਸਲਕੁਸ਼ੀ ਦੀ ਲੜਾਈ ਦਾ ਇੱਕ ਸਾਲ ਪੂਰਾ ਹੋ ਰਿਹਾ ਹੈ । ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ਅੰਦਰ ਹਮਾਸ ਦੁਆਰਾ ਕੀਤੇ ਗਏ ਹਮਲੇ ਦਾ ਬਦਲਾ ਲੈਣ ਦੇ ਨਾਮ ’ਤੇ, ਇਜ਼ਰਾਇਲੀ ਹਥਿਆਰਬੰਦ ਬਲਾਂ ਨੇ ਗਾਜ਼ਾ ਵਿੱਚ ਫ਼ਲਸਤੀਨੀਆਂ ’ਤੇ ਬੇਰਹਿਮੀ ਨਾਲ ਅੰਨ੍ਹੇਵਾਹ ਹਮਲਾ ਕੀਤਾ । ਇਸ ਜੰਗ ਦੇ ਨਤੀਜੇ ਵਜੋਂ ਲਗਪਗ 42,000 ਫ਼ਲਸਤੀਨੀਆਂ, ਮੁੱਖ ਤੌਰ ’ਤੇ ਔਰਤਾਂ ਅਤੇ ਬੱਚੇ ਮਾਰੇ ਗਏ । ਹਜ਼ਾਰਾਂ ਹੋਰ ਲੋਕ ਮਲਬੇ ਹੇਠ ਦੱਬੇ ਹੋਏ ਹਨ । ਇਜ਼ਰਾਈਲ ਨੇ ਹਵਾਈ ਅਤੇ ਜ਼ਮੀਨੀ ਹਮਲੇ ਕਰਦਿਆਂ ਰਿਹਾਇਸ਼ੀ ਇਮਾਰਤਾਂ, ਸਕੂਲਾਂ ਅਤੇ ਹਸਪਤਾਲਾਂ ਨੂੰ ਵੀ ਨਹੀਂ ਬਖਸ਼ਿਆ ਹੈ । ਪ੍ਰਸਿੱਧ ਡਾਕਟਰੀ ਰਸਾਲੇ ‘ਦ ਲੈਂਸੇਟ’ ਦਾ ਅਨੁਮਾਨ ਹੈ ਕਿ ਸਿੱਧੇ ਅਤੇ ਅਸਿੱਧੇ ਦੋਵੇਂ ਤਰ੍ਹਾਂ ਦੀਆਂ ਮੌਤਾਂ ਨੂੰ ਮਿਲਾ ਕੇ ਇਜ਼ਰਾਈਲ ਦੇ ਹਮਲੇ ਨਾਲ ਮਰਨ ਵਾਲਿਆਂ ਦੀ ਗਿਣਤੀ 85,000 (6 ਅਗਸਤ ਤੱਕ) ਤੋਂ ਵੱਧ ਹੋ ਸਕਦੀ ਹੈ । ਇਸ ਸਾਲ ਜਨਵਰੀ ਵਿੱਚ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਨੇ ਇਜ਼ਰਾਈਲ ਦੀਆਂ ਕਾਰਵਾਈਆਂ ਨੂੰ ਸੰਭਾਵਿਤ ਨਸਲਕੁਸ਼ੀ ਵੱਲ ਲਿਜਾਉਣ ਵਾਲਾ ਦੱਸਿਆ ਸੀ ਅਤੇ ਇਜ਼ਰਾਈਲ ਨੂੰ ਗਾਜ਼ਾ ਵਿੱਚ ਫੌਜੀ ਕਾਰਵਾਈਆਂ ਬੰਦ ਕਰਨ ਲਈ ਕਿਹਾ ਸੀ । ਇਜ਼ਰਾਈਲ ਨੇ ਹੁਣ ਤੱਕ ਜੰਗਬੰਦੀ ਲਈ ਸਾਰੀਆਂ ਸਾਰਥਕ ਗੱਲਬਾਤਾਂ ਨੂੰ ਰੱਦ ਕਰ ਦਿੱਤਾ ਹੈ। ਐਨਾ ਹੀ ਨਹੀਂ, ਇਜ਼ਰਾਈਲ ਨੇ ਪੂਰੇ ਸਾਲ ਦੌਰਾਨ ਕਬਜ਼ੇ ਵਾਲੇ ਪੱਛਮੀ ਤੱਟ ’ਤੇ ਫ਼ਲਸਤੀਨੀਆਂ ’ਤੇ ਹਮਲੇ ਕੀਤੇ । ਇਜ਼ਰਾਈਲ ਨੇ ਵੱਡੇ ਪੱਧਰ ’ਤੇ ਬੰਬ ਵਿਸਫੋਟ ਕਰਨ ਲਈ ਪੇਜਰ ਅਤੇ ਹੋਰ ਸੰਚਾਰ ਸਾਧਨਾਂ ਦਾ ਇਸਤੇਮਾਲ ਕੀਤਾ, ਜਿਸ ਨਾਲ ਜੰਗ ਲਿਬਨਾਨ ਤੱਕ ਫੈਲ ਗਈ ।
ਦੁਨੀਆ ਭਰ ਵਿੱਚ ਲੱਖਾਂ ਲੋਕ ਇਜ਼ਰਾਇਲੀ ਨਸਲਕੁਸ਼ੀ ਯੁੱਧ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਜੰਗ ਨੂੰ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ । ਇਸ ਵਹਿਸ਼ੀ ਜੰਗ ਦੀ ਪਹਿਲੀ ਬਰਸੀ ਮੌਕੇ ਭਾਰਤ ਦੇ ਅਮਨ ਪਸੰਦ ਲੋਕ ਜੰਗ ਨੂੰ ਤੁਰੰਤ ਖ਼ਤਮ ਕਰਨ ਦੀ ਮੰਗ ਕਰਦੇ ਹਨ ।
ਖੱਬੀਆਂ ਪਾਰਟੀਆਂ 7 ਅਕਤੂਬਰ, 2024 ਨੂੰ ਤੁਰੰਤ ਜੰਗਬੰਦੀ ਅਤੇ ਦੁਸ਼ਮਣੀ ਖ਼ਤਮ ਕਰਨ ਦੇ ਸੱਦੇ ਨਾਲ ਮਨਾਉਣਗੀਆਂ। ਇਸ ਦਿਨ ਫੌਰੀ ਜੰਗਬੰਦੀ ਦੀ ਮੰਗ ਲਈ ਪ੍ਰਦਰਸ਼ਨ ਅਤੇ ਮੀਟਿੰਗਾਂ ਕੀਤੀਆਂ ਜਾਣਗੀਆਂ । ਖੱਬੀਆਂ ਪਾਰਟੀਆਂ ਨੇ ਭਾਰਤ ਸਰਕਾਰ ਨੂੰ ਇਜ਼ਰਾਈਲ ਨੂੰ ਹਥਿਆਰਾਂ ਦੇ ਸਾਰੇ ਨਿਰਯਾਤ ਨੂੰ ਰੋਕਣ ਅਤੇ ਦੋ-ਮੁਲਕੀ ਹੱਲ ਲਈ ਕੰਮ ਕਰਨ ਦਾ ਸੱਦਾ ਦਿੱਤਾ, ਜਿਸ ਨਾਲ ਇੱਕ ਸੁਤੰਤਰ ਫ਼ਲਸਤੀਨੀ ਰਾਜ ਹੋਂਦ ਵਿੱਚ ਆ ਸਕੇ । ਦੱਸਣਾ ਬਣਦਾ ਹੈ ਕਿ ਭਾਰਤ ਇਜ਼ਰਾਈਲ ਨੂੰ ਡਰੋਨ ਸਪਲਾਈ ਕਰ ਰਿਹਾ ਹੈ । ਪੰਜਾਬ ਦੇ ਆਗੂਆਂ ਨੇ ਆਪੋ-ਆਪਣੀਆਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ 7 ਅਕਤੂਬਰ ਨੂੰ ਇਸ ਐਕਸ਼ਨ ’ਚ ਹਿੱਸਾ ਲੈਂਦਿਆਂ ਇਜ਼ਰਾਈਲ ਦੇ ਪੁਤਲੇ ਫੂਕੇ ਜਾਣ ਅਤੇ ਹੋਰ ਵਿਰੋਧ ਪ੍ਰਦਰਸ਼ਨ ਕੀਤੇ ਜਾਣ।