ਸੁਖਬੀਰ ਸਿੰਘ ਬਾਦਲ ਨੂੰ ਪੰਜ ਸਿੰਘ ਸਾਹਿਬਾਨਾਂ ਵਲੋਂ ਤਨਖ਼ਾਹੀਆ ਕਰਾਰ ਦਿਤੇ ਜਾਣ ਤੋਂ ਬਾਅਦ ਅੱਜ ਅਕਾਲ ਤਖ਼ਤ ਜਾ ਕੇ ‘ਖਿਮਾ ਜਾਚਨਾ’ ਪੇਸ਼ ਕਰਨ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਦੀ ਆਗੂ ਬੀਬੀ ਜਾਗੀਰ ਕੌਰ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਮਰਿਆਦਾ ਦਾ ਪਤਾ ਹੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਜਿਵੇਂ ਅੱਜ ਸਿੱਧੇ ਤੌਰ ’ਤੇ ਅਕਾਲ ਤਖ਼ਤ ਚਲੇ ਗਏ ਮਰਿਆਦਾ ਅਨੁਸਾਰ ਉਸ ਤਰ੍ਹਾਂ ਨਹੀਂ ਜਾ ਸਕਦੇ ਸਨ।
ਇਕ ਪ੍ਰੈੱਸ ਕਾਨਫ਼ਰੰਸ ’ਚ ਉਨ੍ਹਾਂ ਖਿਮਾ ਮੰਗਣ ਦਾ ਸਹੀ ਤਰੀਕਾ ਦਸਦਿਆਂ ਕਿਹਾ, ‘‘ਉਹ ਸੱਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਚਿੱਠੀ ਦਿੰਦੇ ਅਤੇ ਕਹਿੰਦੇ ਕਿ ‘ਮੈਂ ਅਪਣੀ ਖਿਮਾ ਜਾਚਨਾ ਕਰਨਾ ਚਾਹੁੰਦਾ ਹਾਂ। ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ’ਤੇ ਉਹ ਸਿੱਧੇ ਤੌਰ ’ਤੇ ਨਹੀਂ ਜਾ ਸਕਦੇ ਸਨ।’’ ਉਨ੍ਹਾਂ ਦੋਸ਼ ਲਾਇਆ ਕਿ ਇਕ ਸਿੱਖ ਹੋ ਕੇ ਵੀ ਸੁਖਬੀਰ ਨੂੰ ਮਰਿਆਦਾ ਬਾਰੇ ਪਤਾ ਨਹੀਂ ਹੈ।
ਉਨ੍ਹਾਂ ਕਿਹਾ, ‘‘ਤਨਖ਼ਾਹੀਆ ਕਰਾਰ ਦਿਤੇ ਜਾਣ ਕਾਰਨ ਮਰਿਆਦਾ ਦੇ ਮੁਤਾਬਕ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਸਾਹਿਬ ਵਿਚ ਜਾ ਸਕਦੇ ਹਨ ਪਰ ਉਥੇ ਨਾ ਤਾਂ ਇਹ ਕੜਾਹ ਪ੍ਰਸਾਦ ਕਰਵਾ ਸਕਦੇ ਹਨ ਅਤੇ ਨਾ ਹੀ ਅਰਦਾਸ ਕਰਵਾ ਸਕਦੇ ਹਨ ਕਿਉਂਕਿ ਕੁੱਝ ਧਾਰਮਕ ਜਾਂ ਪੰਥਕ ਤੌਰ ’ਤੇ ਵੀ ਮਰਿਆਦਾਵਾਂ ਹੁੰਦੀਆਂ ਹਨ।’’ ਉਨ੍ਹਾਂ ਕਿਹਾ ਕਿ ਜਦ ਤਕ ਸੁਖਬੀਰ ਸਿੰਘ ਬਾਦਲ ਤਨਖਾਹੀਆ ਮੁਆਫ਼ ਨਹੀਂ ਹੋ ਜਾਂਦੇ ਅਸੀਂ ਕਿਸੇ ਨਾਲ ਮੀਟਿੰਗ ਨਹੀਂ ਕਰ ਸਕਦੇ ਅਤੇ ਕਿਸੇ ਕੋਲ ਨਹੀਂ ਜਾ ਸਕਦੇ।
ਉਨ੍ਹਾਂ ਅੱਗੇ ਕਿਹਾ, ‘‘ਮੈਨੂੰ ਸਮਝ ਨਹੀਂ ਆਉਂਦੀ ਸੁਖਬੀਰ ਸਿੰਘ ਬਾਦਲ ਗੁਨਾਹ ’ਤੇ ਗੁਨਾਹ ਕਿਉਂ ਕਰ ਰਹੇ ਹਨ। ਉਨ੍ਹਾਂ ਕਿਹਾ ‘ਮੈਂ ਨਿਮਾਣਾ ਬਣ ਕੇ ਜਾ ਰਿਹਾ ਹਾਂ’ ਪਰ ਉਹ ਪ੍ਰਧਾਨਗੀ ਨਹੀਂ ਛੱਡ ਰਹੇ ਤਾਂ ਦੱਸੋ ਨਿਮਾਣਾ ਕਿਥੋਂ ਬਣ ਗਿਆ। ਨਿਮਾਣਾ ਮਨ ਤੋਂ ਬਣਿਆ ਜਾਂਦਾ ਹੈ ਨਾ ਲੋਕਾਂ ਨੂੰ ਵਿਖਾਵਾ ਕਰ ਕੇ ਬਣਿਆ ਜਾਂਦਾ ਹੈ। ਪਰ ਉਹ ਜਾਣਨਾ ਹੀ ਨਹੀਂ ਚਾਹੁਦੇ ਕਿ ਪੰਥਕ ਮਰਿਆਦਾ ਕੀ ਹੁੰਦੀ ਹੈ। ਜੇ ਸੁਖਬੀਰ ਪ੍ਰਧਾਨ ਦਾ ਅਹੁਦਾ ਨਹੀਂ ਛੱਡ ਰਹੇ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਅਵਗਿਆ ਕਰ ਰਹੇ ਹਨ।’’
ਉਨ੍ਹਾਂ ਕਿਹਾ, ‘‘ਇਕ ਸਿੱਖ ਹੋ ਕੇ ਸੁਖਬੀਰ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਅਤੇ ਮਰਿਆਦਾ ਦਾ ਘਾਣ ਕਰ ਰਹੇ ਹਨ। ਜਿਵੇਂ ਉਹ ਉਥੇ ਦੀਆਂ ਧਾਰਮਕ ਪਰੰਪਰਾਵਾਂ ਨੂੰ ਜਾਣਨਾ ਹੀ ਨਹੀਂ ਚਾਹੁੰਦੇ ਅਤੇ ਮਰਿਆਦਾ ਬਾਰੇ ਪਤਾ ਹੀ ਨਹੀਂ ਹੈ। ਇਸ ਲਈ ਮੈਂ ਸਮਝਦੀ ਹਾਂ ਕਿ ਇਹ ਗੱਲ ਬਹੁਤ ਚਿੰਤਾ ਜਨਕ ਹੈ। ਜਦ ਉਸ ਨੂੰ ਮਰਿਆਦਾ ਦਾ ਨਹੀਂ ਪਤਾ ਤਾਂ ਉਸ ਨੂੰ ਪ੍ਰਧਾਨ ਬਣਨ ਦਾ ਕੋਈ ਹੱਕ ਨਹੀਂ ਹੈ।’’